ਵਾਸ਼ਿੰਗਟਨ: ਅਮਰੀਕੇ ਦੇ ਸਿਏਟਲ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਏਅਰਪੋਰਟ ਮੁਲਾਜ਼ਮ ਨੇ ਜਹਾਜ਼ ਚੋਰੀ ਕਰ ਲਿਆ ਤੇ ਕਰੀਬ ਇੱਕ ਘੰਟੇ ਤਕ ਉਸ ਵਿੱਚ ਉਡਾਣ ਭਰੀ। ਹਾਲਾਂਕਿ, ਦੋ ਮਿਲਟਰੀ ਫਾਈਟਰ ਜੈੱਟ ਵੱਲੋਂ ਚੇਤਾਵਨੀ ਦਿੱਤੇ ਜਾਣ ’ਤੇ ਉਸ ਨੇ ਜਹਾਜ਼ ਨੂੰ 50 ਕਿਲੋਮੀਟਰ ਦੂਰ ਕੇਟਾਨ ਦੀਪ ’ਤੇ ਕਰੈਸ਼ ਕਰਵਾ ਦਿੱਤਾ।

ਏਅਰਲਾਈਨ ਪ੍ਰਸ਼ਾਸਨ ਮੁਤਾਬਕ ਮੁਲਾਜ਼ਮ ਨੇ ਅਲਾਸਕਾ ਏਅਰਲਾਈਨਜ਼ ਦੀ 76 ਸੀਟਾਂ ਵਾਲੀ ਉਡਾਣ ਚੋਰੀ ਕੀਤੀ। ਉਸ ਸਮੇਂ ਸਾਰੇ ਯਾਤਰੀ ਉਡਾਣ ਵਿੱਚੋਂ ਉੱਤਰ ਚੁੱਕੇ ਸਨ। ਅਧਿਕਾਰੀਆਂ ਨੂੰ ਜਹਾਜ਼ ਚੋਰੀ ਹੋਣ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਪਾਇਲਟ ਨੇ ਬਿਨ੍ਹਾਂ ਅਧਿਕਾਰ ਉਡਾਣ ਟੇਕ ਆਫ ਕਰ ਲਈ।

ਇਹ ਕੋਈ ਅੱਤਵਾਦੀ ਘਟਨਾ ਨਹੀਂ ਸੀ। ਮੁਲਾਜ਼ਮ ਨੇ ਸ਼ਾਇਦ ਮਜ਼ਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰ ਉਹ ਇਸ ਨੂੰ ਕਾਬੂ ਨਹੀਂ ਕਰ ਸਕਿਆ।

ਜਹਾਜ਼ ਚੋਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਜਾਰੀ ਨਹੀਂ ਕੀਤੀ ਗਈ। ਪਰ ਉਸ ਦੀ ਉਮਰ 29 ਸਾਲ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ ਕਰੈਸ਼ ਹੋਣ ਵੇਲੇ ਵਿਅਕਤੀ ਦੀ ਵੀ ਮੌਤ ਹੋ ਗਈ।

ਇਸ ਘਟਨਾ ਬਾਰੇ ਇੱਕ ਆਡੀਓ ਕਲਿੱਪ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਏਅਰਪੋਰਟ ਪ੍ਰਸ਼ਾਸਨ ਮੁਲਾਜ਼ਮ ਨੂੰ ਜਹਾਜ਼ ਵਿੱਚ ਤੇਲ ਦੀ ਮਾਤਰਾ ਪੁੱਛ ਰਹੇ ਹਨ। ਇੱਕ ਜਗ੍ਹਾ ਉਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇ ਉਸ ਨੇ ਸਫਲ ਲੈਂਡਿੰਗ ਕਰਾ ਦਿੱਤੀ ਤਾਂ ਕਿ ਏਅਰਲਾਈਨ ਉਸ ਨੂੰ ਨੌਕਰੀ ਦੇਵੇਗੀ।