Anti Khalistan Activist Sukhi Chahal Dies in America: ਅਮਰੀਕੀ ਸ਼ਹਿਰ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਭਾਰਤੀ-ਅਮਰੀਕੀ ਕਾਰੋਬਾਰੀ ਤੇ ਖਾਲਿਸਤਾਨੀ ਵਿਚਾਰਾਂ ਦੇ ਵਿਰੋਧੀ ਸੁੱਖੀ ਚਾਹਲ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੇ ਕਰੀਬੀਆਂ ਨੇ ਦੱਸਿਆ ਕਿ 31 ਜੁਲਾਈ ਨੂੰ ਸੁੱਖੀ ਚਾਹਲ ਨੂੰ ਇੱਕ ਜਾਣਕਾਰ ਨੇ ਰਾਤ ਦੇ ਖਾਣੇ ਲਈ ਘਰ ਬੁਲਾਇਆ ਸੀ। ਰਾਤ ਦੇ ਖਾਣੇ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁੱਖੀ ਚਾਹਲ ਪੂਰੀ ਤਰ੍ਹਾਂ ਤੰਦਰੁਸਤ ਸੀ ਤੇ ਉਸ ਦੀ ਅਚਾਨਕ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਸੂਤਰਾਂ ਮੁਤਾਬਕ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਸੱਚਾਈ ਸਾਹਮਣੇ ਆਵੇਗੀ। 

ਦੱਸ ਦਈਏ ਕਿ ਸੁੱਖੀ ਚਾਹਲ ਖਾਲਿਸਤਾਨੀਆਂ ਦੀ ਸਖ਼ਤ ਆਲੋਚਨਾ ਕਰਦਾ ਸੀ ਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਦਾ ਖੁੱਲ੍ਹ ਕੇ ਵਿਰੋਧ ਕਰ ਰਿਹਾ ਸੀ। 'ਦ ਖਾਲਸਾ ਟੂਡੇ' ਦੇ ਸੰਸਥਾਪਕ ਤੇ ਸੀਈਓ ਸੁੱਖੀ ਚਾਹਲ ਨੂੰ ਲਗਾਤਾਰ ਖਾਲਿਸਤਾਨੀ ਸਮਰਥਕਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਦੇ ਬਾਵਜੂਦ ਉਹ ਖਾਲਿਸਤਾਨੀਆਂ ਦਾ ਵਿਰੋਧ ਕਰ ਰਿਹਾ ਸੀ। 

ਸੁੱਖੀ ਚਾਹਲ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਇਆ ਸੀ। ਉਹ 1992 ਵਿੱਚ ਅਮਰੀਕਾ ਚਲਾ ਗਿਆ ਸੀ। ਉਸ ਨੇ 1988 ਤੋਂ 1992 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਪੜ੍ਹਾਈ ਕੀਤੀ ਤੇ ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਸੀ। ਉਸ ਨੇ ਸਟੈਨਫੋਰਡ ਤੇ ਯੂਸੀ ਬਰਕਲੇ ਵਿੱਚ ਕੰਪਿਊਟਰ ਤੇ ਪ੍ਰਬੰਧਨ ਨਾਲ ਸਬੰਧਤ ਵਿਸ਼ੇਸ਼ ਕੋਰਸ ਵੀ ਕੀਤੇ। ਸੁੱਖੀ ਨੇ ਕਈ ਸਿਲੀਕਾਨ ਵੈਲੀ ਕੰਪਨੀਆਂ ਵਿੱਚ ਸੀਨੀਅਰ ਪ੍ਰਬੰਧਨ, ਇੰਜੀਨੀਅਰਿੰਗ ਤੇ ਸਲਾਹਕਾਰ ਵਜੋਂ ਕੰਮ ਕੀਤਾ। ਉਹ 2015 ਤੋਂ ਕੈਲੀਫੋਰਨੀਆ ਸਥਿਤ ਇੱਕ ਐਨਜੀਓ, ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਸੀ, ਜੋ ਸਿੱਖਿਆ ਲਈ ਗਰੀਬ ਬੱਚਿਆਂ ਦੀ ਸਹਾਇਤਾ ਕਰਦੀ ਹੈ।

ਚਾਹਲ ਦ ਖਾਲਸਾ ਟੂਡੇ ਦੇ ਸੰਸਥਾਪਕ ਤੇ ਪ੍ਰਧਾਨ ਵੀ ਸੀ। ਸੁੱਖੀ ਚਾਹਲ ਸਮਾਜਿਕ ਤੌਰ 'ਤੇ ਸਰਗਰਮ ਸੀ ਤੇ ਹਿੰਦੂ, ਸਿੱਖ ਤੇ ਯਹੂਦੀ ਭਾਈਚਾਰਿਆਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ। 'ਦ ਖਾਲਸਾ ਟੂਡੇ' ਅਨੁਸਾਰ, ਉਹ ਭਾਰਤ ਸਰਕਾਰ ਤੇ ਅਮਰੀਕੀ ਵਪਾਰਕ ਆਗੂਆਂ ਨਾਲ ਕੰਮ ਕਰਕੇ ਭਾਰਤ ਤੇ ਅਮਰੀਕਾ ਵਿਚਕਾਰ ਮਜ਼ਬੂਤ ਰਣਨੀਤਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਸੀ।