ਕਾਬੁਲ: ਅਫਗਾਨਿਸਤਾਨ (Afghanistan) 19 ਵੀਂ ਸਦੀ ਦੇ ਅਰੰਭ ਤੋਂ ਹੀ ਮਹਾਂਸ਼ਕਤੀਆਂ ਲਈ ਖੇਡ ਦਾ ਮੈਦਾਨ ਰਿਹਾ ਹੈ। 19ਵੀਂ ਸਦੀ ਵਿੱਚ ਬ੍ਰਿਟੇਨ (Britain), 20ਵੀਂ ਸਦੀ ਵਿੱਚ ਰੂਸ (Russia) ਤੇ 21ਵੀਂ ਸਦੀ ਵਿੱਚ ਅਮਰੀਕਾ (America)। ਹਰ ਵਾਰ ਸ਼ੁਰੂਆਤੀ ਜਿੱਤਾਂ ਤੋਂ ਬਾਅਦ, ਤਿੰਨੇ ਮਹਾਂਸ਼ਕਤੀਆਂ ਨੂੰ ਆਖਰਕਾਰ ਹਾਰ ਦਾ ਹੀ ਸੁਆਦ ਚੱਖਣਾ ਪਿਆ।

ਇਸ ਦੇ ਬਾਵਜੂਦ, ਮਹਾਂਸ਼ਕਤੀਆਂ ਦੀ ਖੇਡ ਇੰਨੀ ਡੂੰਘੀ ਹੈ ਕਿ 1989 ਵਿੱਚ ਰੂਸੀ ਫੌਜਾਂ ਦੀ ਵਾਪਸੀ ਤੋਂ ਬਾਅਦ, ਪਹਿਲਾਂ ਮੁਜਾਹਿਦੀਨ ਤੇ ਬਾਅਦ ਵਿੱਚ ਤਾਲਿਬਾਨ ਰੂਸੀ ਏਕੇ 47 ਦੇ ਨਾਲ ਟੀ-55 ਟੈਂਕਾਂ ਤੇ ਸਵਾਰ ਹੁੰਦੇ ਦੇਖੇ ਗਏ। ਹੁਣ ਇਹ ਤਾਲਿਬਾਨ ਲੜਾਕੂ ਅਮਰੀਕੀ ਬਖਤਰਬੰਦ ਫੌਜੀ ਵਾਹਨ ਹਮਵੀ (humvee)।) ਉੱਤੇ ਅਮਰੀਕਾ ਵਿੱਚ ਬਣੀ M16 ਰਾਈਫਲ ਨਾਲ ਵਿਖਾਈ ਦੇ ਰਹੇ ਹਨ।

ਫੋਰਬਸ ਦੇ ਵਿਸ਼ਲੇਸ਼ਣ ਅਨੁਸਾਰ, ਅਮਰੀਕਾ ਨੇ ਅਫਗਾਨਿਸਤਾਨ ਵਿੱਚ 8,84,311 ਆਧੁਨਿਕ ਫੌਜੀ ਉਪਕਰਣ ਛੱਡ ਦਿੱਤੇ ਹਨ। ਇਨ੍ਹਾਂ ਵਿੱਚ ਪੈਦਲ ਫੌਜ ਦੇ ਹਥਿਆਰ ਜਿਵੇਂ ਐਮ 16 ਰਾਈਫਲ, ਐਮ 4 ਕਾਰਬਾਈਨਜ਼, 82 ਮਿਲੀਮੀਟਰ ਮੋਰਟਾਰ ਲਾਂਚਰ ਦੇ ਨਾਲ ਮਿਲਟਰੀ ਵਾਹਨ ਜਿਵੇਂ ਕਿ ਹਮਵੀ, ਬਲੈਕ ਹੌਕ ਹੈਲੀਕਾਪਟਰ, ਏ 29 ਲੜਾਕੂ ਜਹਾਜ਼, ਨਾਈਟ ਵਿਜ਼ਨ, ਸੰਚਾਰ ਤੇ ਨਿਗਰਾਨੀ ਲਈ ਉਪਕਰਣ ਸ਼ਾਮਲ ਹਨ।

2003 ਤੋਂ, ਇਹ ਫੌਜੀ ਉਪਕਰਣ ਅਫਗਾਨ ਫੌਜ ਤੇ ਪੁਲਿਸ ਲਈ ਖਰੀਦੇ ਗਏ ਹਨ। ਫੋਰਬਸ ਨੇ ਅਮਰੀਕੀ ਰੱਖਿਆ ਵਿਭਾਗ, ਪੈਂਟਾਗਨ ਦੇ ਡਿਪਾਰਟਮੈਂਟ ਆਫ਼ ਲੌਜਿਸਟਿਕਸ ਏਜੰਸੀ (ਡੀਐਲਏ) ਦੇ ਡਾਟਾਬੇਸ ਦਾ ਅਧਿਐਨ ਕਰਕੇ ਇਹ ਡਾਟਾ ਇਕੱਤਰ ਕੀਤਾ ਹੈ।

ਦਰਅਸਲ, ਅਮਰੀਕਾ, ਜਿਸ ਨੇ ਤਾਲਿਬਾਨ ਵਿਰੁੱਧ ਅੱਤਵਾਦ ਵਿਰੁੱਧ ਜੰਗ ਛੇੜੀ, ਨੇ 2003 ਤੋਂ ਅਫਗਾਨ ਫੌਜ ਤੇ ਪੁਲਿਸ ਨੂੰ ਹਥਿਆਰਾਂ ਤੇ ਸਿਖਲਾਈ 'ਤੇ 83 ਅਰਬ ਡਾਲਰ ਯਾਨੀ 6 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ। ਅਫਗਾਨਿਸਤਾਨ ਵਿੱਚ ਬਚੇ ਫੌਜੀ ਉਪਕਰਣਾਂ ਵਿੱਚ 5.99 ਲੱਖ ਤੋਂ ਵੱਧ ਹਥਿਆਰ, 76 ਹਜ਼ਾਰ ਤੋਂ ਵੱਧ ਫੌਜੀ ਵਾਹਨ ਤੇ 208 ਫੌਜੀ ਜਹਾਜ਼ ਸ਼ਾਮਲ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਅਫ਼ਗਾਨ ਫ਼ੌਜ ਵੱਲੋਂ ਗੋਡੇ ਟੇਕਣ ਤੇ ਸਰਕਾਰ ਦੇ ਡਿੱਗ ਜਾਣ ਤੋਂ ਬਾਅਦ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਥਿਆਰ ਤਾਲਿਬਾਨ ਦੇ ਹੱਥਾਂ ਵਿੱਚ ਆ ਗਏ ਹਨ। ਇੰਨੀ ਗਿਣਤੀ ਵਿੱਚ ਹਥਿਆਰ ਇੱਕ ਮਜ਼ਬੂਤ ਫ਼ੌਜ ਖੜ੍ਹੀ ਕਰਨ ਲਈ ਕਾਫੀ ਹਨ।

ਖਾਸ ਗੱਲ ਇਹ ਹੈ ਕਿ ਜੋਅ ਬਾਇਡੇਨ ਦਾ ਪ੍ਰਸ਼ਾਸਨ ਅਫਗਾਨਿਸਤਾਨ ਲਈ ਖਰੀਦੇ ਗਏ ਹਥਿਆਰਾਂ ਤੇ ਫੌਜੀ ਉਪਕਰਣਾਂ ਦੀਆਂ ਆਡਿਟ ਰਿਪੋਰਟਾਂ ਨੂੰ ਲੁਕਾ ਰਿਹਾ ਹੈ। ਫੋਰਬਸ ਡਾਟ ਕਾਮ ਅਨੁਸਾਰ, ਇਸ ਸਬੰਧ ਵਿੱਚ ਦੋ ਮਹੱਤਵਪੂਰਨ ਰਿਪੋਰਟਾਂ ਨੂੰ ਸਰਕਾਰੀ ਵੈਬਸਾਈਟਾਂ ਤੋਂ ਹਟਾ ਦਿੱਤਾ ਗਿਆ ਹੈ।