ਮਹਿਤਾਬ-ਉਦ-ਦੀਨ


ਚੰਡੀਗੜ੍ਹ: ਤਾਲਿਬਾਨ ਹੁਣ ਪੂਰੀ ਤਰ੍ਹਾਂ ‘ਆਪਣੀ ਆਈ ’ਤੇ ਆਇਆ ਹੋਇਆ ਹੈ।’ ਉਸ ਨੇ ਕੰਧਾਰ ਤੇ ਹੇਰਾਤ ’ਚ ਬੰਦ ਪਏ ਭਾਰਤੀ ਕੌਂਸਲੇਟ ਦਫ਼ਤਰਾਂ ਅੰਦਰ ਘੁਸ ਕੇ ਬਹੁਤ ਸਾਰੇ ਜ਼ਰੂਰੀ ਦਸਤਾਵੇਜ਼ ਚੁੱਕ ਲਏ ਹਨ ਤੇ ਜਾਂਦੇ ਹੋਏ ਤਾਲਿਬਾਨ ਭਾਰਤੀ ਵਾਹਨ ਵੀ ਆਪਣੇ ਨਾਲ ਲੈ ਗਏ। ਦੋਵੇਂ ਦਫ਼ਤਰਾਂ ਅੰਦਰ ਘੁਸਣ ਲਈ ਤਾਲਿਬਾਨ ਲੜਾਕਿਆਂ ਨੇ ਬਹੁਤ ਬੇਰਹਿਮੀ ਨਾਲ ਗੋਲ਼ੀਆਂ ਦੇ ਬ੍ਰੱਸਟ ਮਾਰ-ਮਾਰ ਕੇ ਜਿੰਦਰੇ ਤੋੜੇ।


ਦੱਸ ਦੇਈਏ ਕਿ ਤਾਲਿਬਾਨ ਲੜਾਕੇ ਹੁਣ ਅਫ਼ਗ਼ਾਨਿਸਤਾਨ ਦੇ ਹਰੇਕ ਘਰ ਦੀ ਤਲਾਸ਼ੀ ਲੈ ਰਹੇ ਹਨ। ਉਹ ਦਰਅਸਲ, ਪਿਛਲੀ ਸਰਕਾਰ ਦੀ ਖ਼ੁਫ਼ੀਆ ਏਜੰਸੀ NDS ਲਈ ਕੰਮ ਕਰਦੇ ਜਾਸੂਸਾਂ ਦੀ ਭਾਲ਼ ਕਰ ਰਹੇ ਹਨ। ਉਹ ਹੁਣ ਇਹ ਵੀ ਵੇਖਣਾ ਚਾਹੁੰਦੇ ਹਨ ਕਿ ਭਾਰਤੀ ਦਫ਼ਤਰਾਂ ’ਚ ਤਾਲਿਬਾਨ ਤੇ ਇਸ ਦੇਸ਼ ਬਾਰੇ ਹੋਰ ਕਿਹੜੀ ਜਾਣਕਾਰੀ ਉਪਲਬਧ ਹੈ।


ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਦਹਿਸ਼ਤਗਰਦਾਂ ਦੇ ‘ਹੱਕਾਨੀ ਨੈੱਟਵਰਕ’ ਦੇ 6,000 ਤੋਂ ਵੱਧ ਕਾਡਰ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਉੱਤੇ ਆਪਣਾ ਮੁਕੰਮਲ ਕਬਜ਼ਾ ਕੀਤਾ ਹੋਇਆ ਹੈ। ਇਸ ਦੀ ਵਾਗਡੋਰ ਇਸ ਵੇਲੇ ਅਨਸ ਹੱਕਾਨੀ ਕੋਲ ਹੈ, ਜੋ ਇਸ ਦਰਅਸਲ ਇਸ ਹੱਕਾਨੀ ਨੈੱਟਵਰਕ ਦੇ ਮੌਜੂਦਾ ਮੁਖੀ ਸਿਰਾਜੁੱਦੀਨ ਹੱਕਾਨੀ ਦਾ ਭਰਾ ਹੈ।


ਅਨਸ ਹੱਕਾਨੀ ਨੇ ਬੀਤੇ ਇੱਕ-ਦੋ ਦਿਨਾਂ ਅੰਦਰ ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, HCNR ਦੇ ਚੇਅਰਮੈਨ ਅਬਦੁੱਲ੍ਹਾ ਅਬਦੁੱਲ੍ਹਾ ਅਤੇ ਹਿਜ਼ਬ-ਏ-ਇਸਲਾਮੀ ਦੇ ਸੀਨੀਅਰ ਆਗੂ ਗੁਲਬੁੱਦੀਨ ਹਿਕਮਤਯਾਰ ਨਾਲ ਵੀ ਮੁਲਾਕਾਤਾਂ ਕੀਤੀਆਂ ਹਨ। ਇਹ ਸਮਝਿਆ ਜਾਂਦਾ ਹੈ ਕਿ ਤਾਲਿਬਾਨ ਵੱਲੋਂ ਕਰਜ਼ਈ ਤੇ ਅਬਦੁੱਲ੍ਹਾ ਨੂੰ ਹਾਲ ਦੀ ਘੜੀ ਉਨ੍ਹਾਂ ਦੇ ਘਰਾਂ ਅੰਦਰ ਹੀ ਨਜ਼ਰਬੰਦ ਕੀਤਾ ਗਿਆ ਹੈ।


ਅਫ਼ਗ਼ਾਨਿਸਤਾਨ ਦੀ ਸੱਤਾ ਹਾਲੇ ਰਸਮੀ ਤੌਰ ’ਤੇ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਸੌਂਪੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਤਾਲਿਬਾਨ ਲੀਡਰਸ਼ਿਪ ਆਪਣੇ ਦੇਸ਼ ਦੀਆਂ ਸਾਰੀਆਂ ਸਿਆਸੀ ਗੋਟੀਆਂ ਸੈੱਟ ਕਰਨਾ ਚਾਹੁੰਦੀ ਹੈ। ਉਸ ਤੋਂ ਬਾਅਦ ਹੀ ਬਰਾਦਰ ਨੂੰ ਦੇਸ਼ ਦੇ ਰਾਸ਼ਟਰਪਤੀ ਮਹਿਲ ਵਿੱਚ ਮੁੱਖ ਗੱਦੀ ਉੱਤੇ ਬਿਠਾਇਆ ਜਾਵੇਗਾ।


ਹੱਕਾਨੀ ਨੈੱਟਵਰਕ ਦਾ ਮੁਖੀ ਸਿਰਾਜੁੱਦੀਨ ਹੱਕਾਨੀ ਹਾਲੇ ਕੋਇਟਾ (ਪਾਕਿਸਤਾਨ) ਤੋਂ ਹੀ ਹਦਾਇਤਾਂ ਜਾਰੀ ਕਰ ਰਿਹਾ ਹੈ। ਤਾਲਿਬਾਨ ਦੇ ਆਗੂਆਂ ਦੀ ਪ੍ਰਮੁੱਖ ਕੌਂਸਲ ਕੋਇਟਾ ’ਚ ਹੀ ‘ਕੋਇਟਾ ਸ਼ੁਰਾ’ ਦੇ ਨਾਂਅ ਨਾਲ ਸਥਿਤ ਹੈ। ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਕੰਧਾਰ ’ਚ ਮੁੱਲ੍ਹਾ ਯਾਕੂਬ ਦਾ ਤਾਲਿਬਾਨੀ ਧੜਾ ਸੂਬਾਈ ਸੱਤਾ ਸੰਭਾਲਣ ਨੂੰ ਤਿਆਰ ਬੈਠਾ ਹੈ। ਇਹ ਮੁੱਲ੍ਹਾ ਯਾਕੂਬ ਦਰਅਸਲ, ਤਾਲਿਬਾਨ ਦੇ ਫ਼ੌਜੀ ਕਮਿਸ਼ਨ ਦੇ ਮੁਖੀ ਰਹੇ ਮਰਹੂਮ ਮੁੱਲ੍ਹਾ ਉਮਰ ਦਾ ਪੁੱਤਰ ਹੈ। ਕੰਧਾਰ ਅਫ਼ਗ਼ਾਨਿਸਤਾਨ ਦੇ ਪਸ਼ਤੂਨ ਭਾਈਚਾਰੇ ਦੀ ਰਵਾਇਤੀ ਸੀਟ ਹੈ।


ਤਾਲਿਬਾਨ ਅੰਦਰ ਹੀ ਕਈ ਧੜੇ ਹਨ; ਉਨ੍ਹਾਂ ਸਭਨਾਂ ਵਿੱਚ ਇਸ ਵੇਲੇ ਅਫ਼ਗ਼ਾਨਿਸਤਾਨ ਦੀ ਕੇਂਦਰੀ ਤੇ ਸੂਬਾ ਸਰਕਾਰਾਂ ਚਲਾਉਣ ਬਾਰ ਗੱਲਬਾਤ ਚੱਲ ਰਹੀ ਹੈ। ਭਾਰਤ ਨੇ ਇਸ ਸਭ ਉੱਤੇ ਆਪਣੀ ਚੌਕਸ ਨਜ਼ਰ ਬਣਾ ਕੇ ਰੱਖੀ ਹੋਈ ਹੈ।


ਇਹ ਵੀ ਪੜ੍ਹੋ: Tips for Strong Password: ਕਿਤੇ ਬੈਂਕ ਖਾਤਾ ਨਾ ਹੋ ਜਾਏ ਖਾਲੀ, ਆਪਣੇ ਪਾਸਵਰਡ ਨੂੰ ਇੰਝ ਬਣਾਓ ਸਟ੍ਰੌਂਗ ਤੇ ਅਨਬ੍ਰੇਕੇਬਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904