ਕਾਬੁਲ: ਤਾਲਿਬਾਨ ਬੇਸ਼ੱਕ ਅਫ਼ਗਾਨਿਸਤਾਨ ’ਚ ਔਰਤਾਂ ਦੇ ਹੱਕਾਂ ਦਾ ਸਨਮਾਨ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਹੌਲੀ-ਹੌਲੀ ਉਸ ਦੇ ਇਰਾਦੇ ਜਾਹਿਰ ਹੋਣ ਲੱਗੇ ਹਨ। ਤਾਲਿਬਾਨ ਨੇ ਹੇਰਾਤ ਸੂਬੇ ’ਚ ਸਰਕਾਰੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ’ਚ ਕੋ-ਐਜੂਕੇਸ਼ਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸਮਾਜ ’ਚ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।


ਖਾਮਾ ਪ੍ਰੈੱਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਪ੍ਰੋਫੈਸਰਾਂ, ਪ੍ਰਾਈਵੇਟ ਅਦਾਰਿਆਂ ਦੇ ਮਾਲਕਾਂ ਤੇ ਤਾਲਿਬਾਨ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਤਾਲਿਬਾਨ ਨੇ ਅਫ਼ਗਾਨਿਸਤਾਨ ’ਤੇ ਕਬਜ਼ੇ ਮਗਰੋਂ ਇਹ ਪਹਿਲਾ ‘ਫਤਵਾ’ ਜਾਰੀ ਕੀਤਾ ਹੈ।


ਤਾਲਿਬਾਨ ਦੇ ਨੁਮਾਇੰਦੇ ਤੇ ਅਫ਼ਗਾਨਿਸਤਾਨ ’ਚ ਉਚੇਰੀ ਸਿੱਖਿਆ ਦੇ ਮੁਖੀ ਮੁੱਲ੍ਹਾ ਫਰੀਦ ਨੇ ਬੈਠਕ ਦੌਰਾਨ ਕਿਹਾ ਕਿ ਇਸ ਦਾ ਕੋਈ ਬਦਲ ਨਹੀਂ ਹੈ ਤੇ ਕੋ-ਐਜੂਕੇਸ਼ਨ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਸਿਰਫ਼ ਮਹਿਲਾ ਅਧਿਆਪਕ ਹੀ ਪੜ੍ਹਾਉਣਗੀਆਂ।


ਇਸ ਦੇ ਨਾਲ ਹੀ ਤਾਲਿਬਾਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਨਾਗਰਿਕ ਨੂੰ ਜਾਨੀ-ਮਾਲੀ ਨੁਕਸਾਨ ਨਹੀਂ ਪਹੁੰਚਾਉਣਗੇ। ਇਸ ਦੇ ਬਾਵਜੂਦ ਹੱਤਿਆਵਾਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਤੋਂ ਵੱਡੇ ਪੱਧਰ ’ਤੇ ਲੋਕਾਂ ਨੂੰ ਕੱਢਣ ਦੌਰਾਨ ਕਈ ਜਾਨਾਂ ਜਾਣ ਦਾ ਜੋਖਿਮ ਹੈ। ਉਨ੍ਹਾਂ ਕਾਬੁਲ ਤੋਂ ਉਡਾਣਾਂ ਰਾਹੀਂ ਵੱਡੇ ਪੱਧਰ ’ਤੇ ਲੋਕਾਂ ਨੂੰ ਕੱਢਣ ਦੇ ਕੰਮ ਨੂੰ ਇਤਿਹਾਸ ਦੀ ਸਭ ਤੋਂ ਮੁਸ਼ਕਲ ਮੁਹਿੰਮ ਕਰਾਰ ਦਿੱਤਾ ਹੈ।


ਉਂਜ ਬਾਇਡਨ ਨੇ ਅਹਿਦ ਲਿਆ ਹੈ ਕਿ ਉਹ ਅਮਰੀਕੀਆਂ ਤੇ ਸਹਿਯੋਗੀ ਮੁਲਕਾਂ ਦੇ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਵਤਨ ਵਾਪਸ ਲੈ ਕੇ ਆਉਣਗੇ। ਵ੍ਹਾਈਟ ਹਾਊਸ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਨੇ ਜੁਲਾਈ ਤੋਂ ਹੁਣ ਤੱਕ 18 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਿਆ ਹੈ। ਬਾਇਡਨ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਵਾਪਸ ਸੱਦਣ ਦੇ ਫ਼ੈਸਲੇ ਨੂੰ ਮੁੜ ਜਾਇਜ਼ ਠਹਿਰਾਇਆ ਹੈ।