ਮਹਿਤਾਬ-ਉਦ-ਦੀਨ
ਕਾਬੁਲ: ਅਫ਼ਗ਼ਾਨਿਸਤਾਨ ਦੇ ਦੋ-ਤਿਹਾਈ ਇਲਾਕੇ ’ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਤੇ ਉਹ ਹੁਣ ਦੇਸ਼ ਦੀ ਰਾਜਧਾਨੀ ਕਾਬੁਲ ਤੋਂ ਵੀ ਸਿਰਫ਼ ਕੁਝ ਮੀਟਰ ਦੀ ਦੂਰੀ ’ਤੇ ਰਹਿ ਗਏ ਹਨ। ਅਫ਼ਗ਼ਾਨਿਸਤਾਨ ’ਚ ਭਾਰਤ ਦੇ ਬਹੁਤੇ ਕੌਂਸਲੇਟ ਦਫ਼ਤਰ ਕਿਰਾਏ ਦੀਆਂ ਇਮਾਰਤਾਂ ’ਚ ਹਨ ਤੇ ਤਾਲਿਬਾਨ ਨੇ ਹੁਣ ਉਨ੍ਹਾਂ ਨੂੰ ਜਿੰਦਰੇ ਲਾ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਝ ਤਾਲਿਬਾਨ ਦੇ ਬੁਲਾਰੇ ਨੇ ਮੀਡੀਆ ਸਾਹਵੇਂ ਇਹੋ ਦਾਅਵਾ ਕੀਤਾ ਹੈ ਕਿ ਉਹ ਅਜਿਹਾ ਸਿਰਫ਼ ਸੁਰੱਖਿਆ ਕਾਰਣਾਂ ਕਰ ਕੇ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਦੇ ਪ੍ਰਮੁੱਖ ਸ਼ਹਿਰ ਕੰਧਾਰ ਉੱਤ ਜਿਵੇਂ ਹੀ ਤਾਲਿਬਾਨ ਦਾ ਕਬਜ਼ਾ ਹੋਇਆ, ਉਨ੍ਹਾਂ ਤਿਵੇਂ ਹੀ ਭਾਰਤੀ ਕੌਂਸਲੇਟ ਦਫ਼ਤਰ ਨੂੰ ਜਿੰਦਰਾ ਲਾ ਦਿੱਤਾ। ਤਾਲਿਬਾਨ ਬੁਲਾਰੇ ਨੇ ਦਾਅਵਾ ਕੀਤਾ ਕਿ ਜਦੋਂ ਵੀ ਭਾਰਤ ਦਾ ਕੋਈ ਜ਼ਿੰਮੇਵਾਰ ਅਧਿਕਾਰੀ ਆ ਜਾਵੇਗਾ, ਤਿਵੇਂ ਹੀ ਦਫ਼ਤਰ ਖੋਲ੍ਹ ਦਿੱਤੇ ਜਾਣਗੇ।
ਇੰਝ ਹੀ ਹੈਰਾਤ ਸ਼ਹਿਰ ਵਿੱਚ ਕਿਰਾਏ ਦੀ ਜਿਹੜੀ ਇਮਾਰਤ ’ਚ ਭਾਰਤੀ ਕੌਂਸਲੇਟ ਦਫ਼ਤਰ ਬਣਾਇਆ ਹੋਇਆ ਹੈ; ਤਾਲਿਬਾਨ ਨੇ ਉਸ ਦੇ ਮਾਲਕ ਨੂੰ ਫ਼ੋਨ ਕਰ ਕੇ ਹਦਾਇਤ ਕੀਤੀ ਕਿ ਉਹ ਉਸ ਦਫ਼ਤਰ ਦੀਆਂ ਚਾਬੀਆਂ ਤੁਰੰਤ ਉਨ੍ਹਾਂ ਨੂੰ ਸੌਂਪ ਦੇਵੇ। ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ 252 ਜ਼ਿਲ੍ਹਿਆਂ ਉੱਤੇ ਕਬਜ਼ਾ ਕਰ ਲਿਆ ਹੈ ਤੇ ਅਫ਼ਗ਼ਾਨਿਸਤਾਨ ਦੀ ਸਰਕਾਰ ਕੋਲ ਸਿਰਫ਼ 82 ਜ਼ਿਲ੍ਹੇ ਰਹਿ ਗਏ ਹਨ। 92 ਜ਼ਿਲ੍ਹਿਆਂ ਦੀ ਸਥਿਤੀ ਹਾਲੇ ਭੰਬਲ਼ਭੂਸੇ ਵਾਲੀ ਬਣੀ ਹੋਈ ਹੈ, ਭਾਵ ਉੱਥੇ ਇਹ ਸਮਝ ਨਹੀਂ ਆ ਰਹੀ ਕਿ ਇਨ੍ਹਾਂ ਜ਼ਿਲ੍ਹਿਆਂ ’ਚ ਹੁਣ ਸਰਕਾਰ ਕਾਬਜ਼ ਹੈ ਕਿ ਜਾਂ ਤਾਲਿਬਾਨ।
ਇੰਝ ਅਫ਼ਗ਼ਾਨਿਸਤਾਨ ’ਚ ਹੁਣ ਪੂਰੀ ਤਰ੍ਹਾਂ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਹੈ। ਆਮ ਜਨਤਾ ਘਰਾਂ ਅੰਦਰ ਦਹਿਸ਼ਤ ਦੇ ਮਾਹੌਲ ’ਚ ਲੁਕੀ ਬੈਠੀ ਹੈ। ਉਂਝ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਦੀਆਂ ਫ਼ੌਜਾਂ ਨੇ ਪਕਤਿਕਾ ਸੂਬੇ ਤੇ ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਵਿਚਕਾਰਲੀ ਪੱਟੀ ’ਤੇ 172 ਤਾਲਿਬਾਨ ਅੱਤਵਾਦੀ ਮਾਰ ਦਿੱਤੇ ਹਨ ਤੇ 107 ਹੋਰ ਜ਼ਖ਼ਮੀ ਹੋ ਗਏ ਹਨ।
ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਦਾਅਵਾ ਕੀਤਾ ਕਿ ਹੁਣ ਹਾਲਾਤ ਹੋਰ ਖ਼ਰਾਬ ਨਹੀਂ ਹੋਣ ਦਿੱਤੇ ਜਾਣਗੇ ਕਿਉਂਕਿ ਉਨ੍ਹਾਂ ਦੀ ਸਰਕਾਰ ਹੁਣ ਵਿਸ਼ਵ ਦੇ ਮੋਹਰੀ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ।