ਪੋਰਟ ਆਫ਼ ਪ੍ਰਿੰਸ: ਕੈਰੇਬੀਅਨ ਦੇਸ਼ ਹੈਤੀ ਵਿੱਚ ਆਏ ਭਿਆਨਕ ਭੂਚਾਲ ਵਿੱਚ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 1,800 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.2 ਨਾਪੀ ਗਈ।


ਯੂਐਸ ਜੀਓਲੌਜੀਕਲ ਸਰਵੇ ਅਨੁਸਾਰ, ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ-ਆਫ਼-ਪ੍ਰਿੰਸ ਤੋਂ ਲਗਪਗ 150 ਕਿਲੋਮੀਟਰ ਪੱਛਮ ਵਿੱਚ, ਪੇਟਿਟ ਟ੍ਰੌ ਡੀ ਨਿਪਸ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ, 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਯੂਐਸ ਜੀਓਲੌਜੀਕਲ ਸਰਵੇ ਨੇ ਪਹਿਲਾਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਤੇ ਫਿਰ ਇਸ ਨੂੰ ਵਾਪਸ ਲੈ ਲਿਆ। ਭੂਚਾਲ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਦੌਰਾਨ ਕਈ ਮਕਾਨ ਮਲਬੇ ਹੇਠਾਂ ਦਬ ਗਏ।


ਹੈਤੀ ਦੀ ਸਿਵਲ ਡਿਫੈਂਸ ਸਰਵਿਸ ਨੇ ਕਿਹਾ ਕਿ ਭੂਚਾਲ ਨਾਲ ਸ਼ੁਰੂਆਤੀ ਮੌਤਾਂ ਦੀ ਗਿਣਤੀ 304 ਸੀ ਤੇ ਘੱਟੋ-ਘੱਟ 1,800 ਜ਼ਖਮੀ ਹੋਏ ਸਨ। ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਇੱਕ ਮਹੀਨੇ ਦੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸਭ ਤੋਂ ਨੇੜਲਾ ਵੱਡਾ ਸ਼ਹਿਰ ਲੇਸ ਕੇਸ ਹੈ, ਜਿੱਥੇ ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਤੇ ਭੂਚਾਲ ਕਾਰਨ ਵੱਡਾ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਚੇ ਲੋਕ ਮਲਬੇ ਵਿੱਚ ਆਪਣੇ ਅਜ਼ੀਜ਼ਾਂ ਦੀ ਭਾਲ ਕਰ ਰਹੇ ਹਨ।


ਇਸ ਭਿਆਨਕ ਭੂਚਾਲ ਬਾਰੇ ਹੱਡ-ਬੀਤੀ ਦੱਸਦਿਆਂ ਲੇਸ ਕੇਸ ਦੀ ਵਸਨੀਕ 38 ਸਾਲਾ ਜੀਨ ਮੈਰੀ ਸਾਈਮਨ ਨੇ ਕਿਹਾ: “ਮੈਂ ਲੋਕਾਂ ਨੂੰ ਮਲਬੇ ਵਿੱਚ ਜ਼ਖ਼ਮੀਆਂ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਦੇ ਵੇਖਿਆ। ਭੂਚਾਲ ਦੇ ਸਮੇਂ ਜਿਹੜੇ ਲੋਕ ਬਾਜ਼ਾਰ ਵਿੱਚ ਸਨ, ਉਹ ਘਰ ਵੱਲ ਭੱਜੇ ਇਹ ਦੇਖਣ ਲਈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਹਨ ਜਾਂ ਨਹੀਂ। ਬੇਹੱਦ ਤੀਬਰ ਕਿਸਮ ਦੇ ਭੂਚਾਲ ਤੋਂ ਬਾਅਦ ਮੈਂ ਹਰ ਪਾਸੇ ਦਰਦ ਦੀਆਂ ਚੀਕਾਂ ਸੁਣੀਆਂ, ਮੇਰੇ ਪੈਰ ਅਜੇ ਵੀ ਕੰਬ ਰਹੇ ਹਨ।'


ਪੂਰਬੀ ਕਿਊਬਾ ਤੇ ਜਮਾਇਕਾ ਵਿੱਚ ਵੀ ਭੂਚਾਲ ਦੇ ਝਟਕੇ


ਪੂਰਬੀ ਕਿਊਬਾ ਤੇ ਜਮਾਇਕਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ ਨੇ ਵੀ ਇਸ ਖੇਤਰ ਵਿੱਚ ਭੂਚਾਲ ਦੀ ਖਬਰ ਦਿੰਦਿਆਂ ਕਿਹਾ ਕਿ ਇਸ ਦੀ ਤੀਬਰਤਾ 7.6 ਸੀ, ਜਦੋਂਕਿ ਕਿਊਬਾ ਦੇ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਇਸ ਦੀ ਤੀਬਰਤਾ 7.4 ਦਰਜ ਕੀਤੀ ਗਈ ਹੈ।