Afghanistan News: ਤਾਲਿਬਾਨ ਦੇ ਵਧਦੇ ਖਤਰੇ ਨੂੰ ਦੇਖ ਅਫਗਾਨਿਸਤਾਨ ਤੋਂ ਵੱਡੀ ਸੰਖਿਆਂ 'ਚ ਅਫਗਾਨੀ ਨਾਗਰਿਕ ਭਾਰਤ ਆਉਣਾ ਚਾਹੁੰਦੇ ਹਨ। ਏਬੀਪੀ ਨਿਊਜ਼ ਨੂੰ ਸਰਕਾਰ ਦੇ ਉੱਚ ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਦੇ ਵਧਦੇ ਖਤਰੇ ਨੂੰ ਦੇਖਦਿਆਂ ਅਫਗਾਨਿਸਤਾਨ ਤੋਂ ਭਾਰਤ ਆਉਣ ਲਈ ਵੀਜ਼ਾ ਅਰਜ਼ੀਆਂ 'ਚ ਕਾਫੀ ਵਾਧਾ ਹੋਇਆ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਅਫਗਾਨ 'ਚ ਹਾਲਾਤ ਬਹੁਤ ਤੇਜ਼ੀ ਨਾਲ ਵਿਗੜ ਰਹੇ ਹਨ। ਲਿਹਾਜ਼ਾ ਭਾਰਤ ਸਰਕਾਰ ਅਫਗਾਨਿਸਤਾਨ ਤੋਂ ਬਚ ਕੇ ਭਾਰਤ ਆਉਣ ਵਾਲੇ ਅਫਗਾਨੀ ਨਾਗਰਿਕਾਂ ਨੂੰ ਸ਼ਰਨ ਦੇ ਸਕਦਾ ਹੈ। ਭਾਰਤ ਸਰਕਾਰ ਇਸ ਬਾਰੇ ਸਾਕਾਰਾਤਮਕ ਵਿਚਾਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਤਾਲਿਬਾਨ ਦਾ ਮੁਕਾਬਲਾ ਕੀਤਾ ਜਾਵੇਗਾ ਤੇ ਉਸ ਨੂੰ ਜ਼ਬਰਦਸਤੀ ਦੇਸ਼ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਹੀ ਨਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਵੀ ਪ੍ਰਧਾਨ ਦੀ ਹੈਸੀਅਤ ਤੋਂ ਭਾਰਤ ਨੇ ਤਾਲਿਬਾਨ ਦੇ ਖਿਲਾਫ ਸਖ਼ਤ ਰੁਖ਼ ਅਪਣਾਇਆ ਹੈ।
ਏਨਾ ਹੀ ਨਹੀਂ ਜਲਦ ਹੀ ਅਫਗਾਨਿਸਤਾਨ ਦੀ ਅਪੀਲ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇਕ ਬੈਠਕ ਬੁਲਾਈ ਜਾ ਸਕਦਾ ਹੈ। ਜ਼ਾਹਿਰ ਹੈ ਅਫਗਾਨਿਸਤਾਨ ਭਾਰਤ ਦਾ ਮਿੱਤਰ ਦੇਸ਼ ਹੈ ਤੇ ਸੰਕਟ ਦੀ ਘੜੀ 'ਚ ਭਾਰਤ ਕਿਸੇ ਵੀ ਤਰ੍ਹਾਂ ਨਾਲ ਅਪਗਾਨਿਸਤਾਨ ਦੇ ਨਾਗਰਿਕਾਂ ਦਾ ਸਾਥ ਨਹੀਂ ਛੱਡਣਾ ਚਾਹੁੰਦਾ।
ਤਾਲਿਬਾਨ ਨੇ ਸ਼ਨੀਵਾਰ ਤੜਕੇ ਕਾਬੁਲ ਦੇ ਦੱਖਣ 'ਚ ਸਥਿਤ ਇਕ ਸੂਬੇ 'ਤੇ ਤਬਜ਼ਾ ਕਰ ਲਿਆ ਤੇ ਦੇਸ਼ ਦੇ ਉੱਤਰ 'ਚ ਸਥਿਤ ਅਹਿਮ ਸ਼ਹਿਰ ਮਜਾਰ-ਏ-ਸ਼ਰੀਫ 'ਤੇ ਚੌਤਰਫਾ ਹਮਲਾ ਸ਼ੁਰੂ ਕਰ ਦਿੱਤਾ। ਅਫਗਾਨਿਸਤਾਨ ਤੋਂ ਅਮਰੀਕਾ ਦੀ ਪੂਰੀ ਤਰ੍ਹਾਂ ਵਾਪਸੀ 'ਚ ਤਿੰਨ ਹਫਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਤੇ ਅਜਿਹੇ 'ਚ ਤਾਲਿਬਾਨ ਨੇ ਉੱਤਰ, ਪੱਛਮ ਤੇ ਦੱਖਣ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ। ਇਸ ਕਾਰਨ ਇਹ ਖਦਸ਼ਾ ਵਧ ਗਿਆ ਹੈ ਕਿ ਤਾਲਿਬਾਨ ਫਿਰ ਤੋਂ ਅਫਗਾਨਿਸਤਾਨ 'ਤੇ ਕਬਜ਼ਾ ਕਰ ਸਕਦਾ ਹੈ ਜਾਂ ਦੇਸ਼ 'ਚ ਗ੍ਰਹਿ ਯੁੱਧ ਦੀ ਸਥਿਤੀ ਪੈਦਾ ਹੋ ਸਕਦੀ ਹੈ।