Tanman Singh Dhesi becomes chairman of UK defence committee: ਯੂਕੇ ਵਿੱਚ ਇੱਕ ਵਾਰ ਫਿਰ ਸਰਦਾਰਾਂ ਦਾ ਡੰਕਾ ਵੱਜਿਆ ਹੈ। ਜਲੰਧਰ ਦੇ ਤਨਮਨਜੀਤ ਸਿੰਘ ਢੇਸੀ ਨੂੰ ਬ੍ਰਿਟੇਨ ਦੀ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਬਰਤਾਨੀਆ ਵਿੱਚ ਕਿਸੇ ਦਸਤਾਰਧਾਰੀ ਸਿੱਖ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। 


ਹਾਸਲ ਜਾਣਕਾਰੀ ਮੁਤਾਬਕ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ 563 ਜਾਇਜ਼ ਵੋਟਾਂ ਵਿੱਚੋਂ 320 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਤੇ ਸਾਥੀ ਲੇਬਰ ਸੰਸਦ ਮੈਂਬਰ ਡੇਰੇਕ ਟਵਿਗ ਨੂੰ 243 ਵੋਟਾਂ ਮਿਲੀਆਂ। ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ 'ਤੇ ਢੇਸੀ ਨੇ ਕਿਹਾ ਕਿ ਮੈਂ ਸਦਨ 'ਚ ਆਪਣੇ ਸਾਥੀਆਂ ਦਾ ਮੇਰੇ 'ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ। 


ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਤੇ ਵਿਦੇਸ਼ਾਂ ਵਿੱਚ ਜੋ ਖਤਰੇ ਹਨ, ਉਹ ਪੈਮਾਨੇ ਤੇ ਜਟਿਲਤਾ ਦੋਵਾਂ ਪੱਧਰਾਂ ਉਪਰ ਗੰਭੀਰ ਹਨ। ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ, ਮੈਂ ਇਹ ਯਕੀਨੀ ਬਣਾਉਣ 'ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਮੈਂ ਹਥਿਆਰਬੰਦ ਬਲਾਂ ਦੇ ਜਵਾਨਾਂ ਤੇ ਉਨ੍ਹਾਂ ਬਹਾਦਰ ਵਿਅਕਤੀਆਂ ਲਈ ਸੰਸਦ ਵਿੱਚ ਆਵਾਜ਼ ਬਣਾਂਗਾ ਜੋ ਸਾਡੀ ਸੁਰੱਖਿਆ ਵਿੱਚ ਅਮੁੱਲ ਯੋਗਦਾਨ ਪਾਉਂਦੇ ਹਨ।


ਤਨਮਨਜੀਤ ਸਿੰਘ ਢੇਸੀ ਨੂੰ ਇਹ ਵੱਕਾਰੀ ਅਹੁਦਾ ਮਿਲਣ ਉੱਪਰ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਮੈਂ ਭਾਰਤ ਵਿੱਚ ਸੰਸਦ ਮੈਂਬਰ ਰਿਹਾ ਹਾਂ ਤੇ ਮੈਂ ਸੰਸਦੀ ਕਮੇਟੀਆਂ ਦੀ ਮਹੱਤਤਾ ਨੂੰ ਜਾਣਦਾ ਹਾਂ। ਪਾਰਲੀਮੈਂਟ ਤੇ ਯੂਕੇ ਸਰਕਾਰ ਨੇ ਢੇਸੀ ਦੀ ਕਾਬਲੀਅਤ 'ਤੇ ਭਰੋਸਾ ਪ੍ਰਗਟਾਇਆ ਹੈ।


ਦੱਸ ਦਈਏ ਕਿ ਐਮਪੀ ਢੇਸੀ ਯੂਕੇ ਦੇ ਪਹਿਲੇ ਦਸਤਾਰਧਾਰੀ ਐਮਪੀ ਹਨ। ਉਹ ਸਲੋਹ ਦੇ ਮੇਅਰ ਵੀ ਰਹਿ ਚੁੱਕੇ ਹਨ। ਉਹ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਢੇਸੀ ਯੂਕੇ ਵਿੱਚ ਗੁਰਦੁਆਰਾ ਸਾਹਿਬ ਦੇ ਮੁਖੀ ਹਨ ਤੇ ਉਨ੍ਹਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਪੰਜਾਬ ਵਿੱਚ ਐਸਜੀਪੀਸੀ ਦੇ ਮੈਂਬਰ ਹਨ। 


ਯਾਦ ਰਹੇ ਢੇਸੀ ਬਰਤਾਨੀਆ ਦੀ ਸੰਸਦ ਵਿੱਚ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਉਠਾਉਂਦੇ ਰਹੇ ਹਨ। ਪਿਛਲੇ ਸਾਲ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੋ ਘੰਟੇ ਰੋਕ ਕੇ ਪੁੱਛਗਿੱਛ ਕੀਤੀ ਗਈ ਸੀ। ਇਸ ਉਪਰ ਸਿੱਖ ਭਾਈਚਾਰੇ ਨੇ ਗੁੱਸਾ ਜ਼ਾਹਰ ਕੀਤਾ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ 2 ਘੰਟੇ ਤੋਂ ਵੱਧ ਸਮੇਂ ਲਈ ਰੋਕਿਆ ਗਿਆ, ਜਿਸ ਕਾਰਨ ਭਾਰੀ ਹੰਗਾਮਾ ਹੋਇਆ ਸੀ। 



ਦਰਅਸਲ ਢੇਸੀ ਕੋਲ ਓਸੀਆਈ ਕਾਰਡ ਹੈ। ਇਸ ਨਾਲ ਉਹ ਕਿਸੇ ਵੀ ਸਮੇਂ ਭਾਰਤ ਆ-ਜਾ ਸਕਦੇ ਹਨ। ਢੇਸੀ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਕਿਸਾਨਾਂ, ਹਾਸ਼ੀਏ 'ਤੇ ਪਏ ਲੋਕਾਂ ਤੇ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਨਾਲ ਇਕਮੁੱਠਤਾ ਵਿੱਚ ਖੜ੍ਹੇ ਹੋਣ ਲਈ ਇਹ ਕੀਮਤ ਚੁਕਾਉਣੀ ਪਵੇਗੀ।