ਨਵੀਂ ਦਿੱਲੀ: ਰੂਸ ਨੇ ਕ੍ਰੀਮੀਆਈ ਤਟ ਕੋਲ ਯੂਕ੍ਰੇਨ ਜਲਸੈਨਾ ਦੇ ਤਿੰਨ ਜਹਾਜ਼ਾਂ 'ਤੇ ਹਮਲਾ ਕਰਕੇ ਆਪਣੇ ਕਬਜ਼ੇ 'ਚ ਲੈ ਲਿਆ। ਇਸ ਘਟਨਾ ਨਾਲ ਰੂਸ ਤੇ ਯੂਕ੍ਰੇਨ ਵਿਚਾਲੇ ਤਣਾਅ ਵਧ ਗਿਐ। ਦੋਵੇਂ ਦੇਸ਼ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਹ ਵਿਵਾਦ ਉਸ ਵੇਲੇ ਉੱਠਿਆ ਜਦੋਂ ਰੂਸ ਨੇ ਦੋਸ਼ ਲਾਇਆ ਕਿ ਯੂਕ੍ਰੇਨ ਦੇ ਜਹਾਜ਼ ਆਜ਼ੋਵ ਸਾਗਰ 'ਚ ਗੈਰਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ 'ਚ ਦਾਖ਼ਲ ਹੋ ਗਏ। ਇਸ ਤੋਂ ਬਾਅਦ ਰੂਸ ਨੇ ਕਰਚ 'ਚ ਤੰਗ ਜਲਮਾਰਗ 'ਤੇ ਇੱਕ ਪੁਲ ਹੇਠਾਂ ਟੈਂਕਰ ਤਾਇਨਾਤ ਕਰਕੇ ਆਜ਼ੋਵ ਸਾਗਰ ਵੱਲ ਜਾਣ ਵਾਲਾ ਰਾਹ ਬੰਦ ਕਰ ਦਿੱਤਾ। ਆਜ਼ੋਵ ਸਾਗਰ ਜ਼ਮੀਨ ਨਾਲ ਘਿਰਿਆ ਹੋਇਆ ਤੇ ਕਾਲਾ ਸਾਗਰ ਤੋਂ ਕਰਚ ਦੇ ਤੰਗ ਰਾਹ ਤੋਂ ਹੋਕੇ ਹੀ ਇਸ 'ਚ ਦਾਖ਼ਲ ਹੋਇਆ ਜਾ ਸਕਦਾ। ਆਜ਼ੋਵ ਸਾਗਰ ਦੀਆਂ ਜਲ ਸੀਮਾਵਾਂ ਰੂਸ ਤੇ ਯੂਕ੍ਰੇਨ ਵਿਚਾਲੇ ਵੰਡੀਆਂ ਹੋਈਆਂ ਹਨ।