ਸਿਡਨੀ: ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਮਾਤ ਦੇ ਕੇ ਤਿੰਨ ਟੀ-20 ਮੈਚਾਂ ਦੀ ਲੜੀ ਬਰਾਬਰੀ 'ਤੇ ਖ਼ਤਮ ਕਰ ਦਿੱਤੀ ਹੈ। ਭਾਰਤ ਨੂੰ 165 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਮਹਿਮਾਨ ਟੀਮ ਨੇ ਆਖ਼ਰੀ ਓਵਰ ਵਿੱਚ ਪੂਰਾ ਕਰ ਲਿਆ ਅਤੇ ਮੇਜ਼ਬਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਲੜੀ ਦਾ ਪਹਿਲਾ ਮੈਚ ਆਸਟ੍ਰੇਲੀਆ ਨੇ ਜਿੱਤ ਲਿਆ ਸੀ ਜਦਕਿ ਦੂਜਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਨਾਬਾਦ 61 ਦੌੜਾਂ ਬਣਾਈਆਂ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਸ਼ਾਨਦਾਰ 41 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਗੇਂਦਬਾਜ਼ ਕਰੁਣਾਲ ਪੰਡਿਆ ਨੇ ਆਸਟ੍ਰੇਲੀਆ ਦੇ ਸਭ ਤੋਂ ਵੱਧ ਚਾਰ ਖਿਡਾਰੀ ਆਊਟ ਕੀਤੇ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ ਸਨ। ਹਾਲਾਂਕਿ, ਮੇਜ਼ਬਾਨ ਟੀਮ ਦਾ ਕੋਈ ਵੀ ਖਿਡਾਰੀ ਅਰਧ ਸੈਂਕੜਾ ਨਹੀਂ ਬਣਾ ਸਕਿਆ। ਆਸਟ੍ਰੇਲੀਆਈ ਗੇਂਦਬਾਜ਼ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੇ ਪਰ ਚਾਰ ਗੇਂਦਬਾਜ਼ 1-1 ਵਿਕਟ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ।