Indian Students in Canada: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਖ਼ਿਲਾਫ਼ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ’ਚ ਤਣਾਅ ਜਾਰੀ ਹੈ। ਇਸ ਨੂੰ ਲੈ ਕੇ ਕੈਨੇਡਾ ਰਹਿੰਦੇ ਭਾਰਤੀ ਮੂਲ ਦੇ ਲੋਕ ਕਾਫੀ ਫਿਕਰਮੰਦ ਹਨ। ਸਭ ਤੋਂ ਵੱਧ ਡਰ ਇੱਥੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਤਾ ਰਿਹਾ ਹੈ। ਇੱਕ ਪਾਸੇ ਦੋਵਾਂ ਦੇਸ਼ਾਂ ਦੇ ਵਿਗੜੇ ਸਬੰਧਾਂ ਕਰਕੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ ਤੇ ਦੂਜਾ ਨੌਕਰੀਆਂ ਦੇ ਘੱਟ ਮੌਕੇ ਉਨ੍ਹਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਦਰਅਸਲ ਵਿਸ਼ਵ ਸਿੱਖਿਆ ਖੋਜ ਮੰਚ ‘ਐਰੂਡੇਰਾ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ 2022 ਵਿੱਚ ਕੁੱਲ 2,26450 ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਆਏ ਸਨ। ਇਸ ਮਗਰੋਂ ਪਿਛਲੇ ਸਾਲ ਉੱਤਰੀ ਅਮਰੀਕੀ ਦੇਸ਼ ਆਉਣ ਵਾਲੇ ਨਵੇਂ ਕੌਮਾਂਤਰੀ ਵਿਦਿਆਰਥੀਆਂ ਦੀ ਸੂਚੀ ਵਿੱਚ ਭਾਰਤ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਸੀ। ਅੰਕੜਿਆਂ ਅਨੁਸਾਰ ਕੈਨੇਡਾ ’ਚ ਉੱਚ ਸਿੱਖਿਆ ਸਮੇਤ ਸਾਰੇ ਸਿੱਖਿਆ ਪੱਧਰਾਂ ’ਚ ਦਾਖਲਾ ਹਾਸਲ ਕਰਨ ਵਾਲੇ ਕੁੱਲ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 8,07,750 ਸੀ। ਇਨ੍ਹਾਂ ’ਚੋਂ 5,51,405 ਨੂੰ ਪਿਛਲੇ ਸਾਲ ਕੈਨੇਡਾ ’ਚ ਸਿੱਖਿਆ ਪਰਮਿਟ ਪ੍ਰਾਪਤ ਹੋਇਆ ਸੀ।
‘ਐਰੂਡੇਰਾ’ ਦੇ ਅੰਕੜਿਆਂ ਅਨੁਸਾਰ ਕੈਨੇਡਾ ’ਚ 2022 ਵਿੱਚ ਸਿੱਖਿਆ ਪਰਮਿਟ ਹਾਸਲ ਕਰਨ ਵਾਲਿਆਂ ’ਚੋਂ ਜ਼ਿਆਦਾ ਭਾਰਤੀ ਸਨ ਜਨਿ੍ਹਾਂ ਦੀ ਗਿਣਤੀ 2,26,450 ਰਹੀ ਸੀ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਨਾਮ ਨਾ ਛਾਪਣ ਦੀ ਸ਼ਰਤ ’ਤੇ ਇੱਕ ਵਿਦਿਆਰਥੀ ਨੇ ਦੱਸਿਆ, ‘ਮੈਨੂੰ ਭਾਰਤ-ਕੈਨੇਡਾ ਤਣਾਅ ਨੂੰ ਲੈ ਕੇ ਕੋਈ ਖਾਸ ਫਿਕਰ ਨਹੀਂ। ਮੈਂ ਆਪਣੇ ਭਵਿੱਖ ਨੂੰ ਲੈ ਕੇ ਵੱਧ ਫਿਕਰਮੰਦ ਹਾਂ। ਇੱਥੇ ਨੌਕਰੀਆਂ ਦੀ ਭਾਰੀ ਘਾਟ ਹੈ ਤੇ ਮੈਨੂੰ ਨਹੀਂ ਪਤਾ ਕਿ ਪੜ੍ਹਾਈ ਪੂਰੀ ਹੋਣ ਮਗਰੋਂ ਮੈਨੂੰ ਕੰਮ ਮਿਲੇਗਾ ਵੀ ਜਾਂ ਨਹੀਂ।’
ਖਬਰ ਏਜੰਸੀ ਪੀਟੀਆਈ ਅਨੁਸਾਰ ਗਰੇਟਰ ਟੋਰਾਂਟੋ ਇਲਾਕੇ ’ਚ ਸਿਹਤ ਸੇਵਾਵਾਂ ਦੀ ਪੜ੍ਹਾਈ ਕਰ ਰਹੇ ਇੱਕ ਹੋਰ ਵਿਦਿਆਰਥੀ ਮਾਯੰਕ ਨੇ ਕਿਹਾ ਕਿ ਦਿੱਲੀ ਤੇ ਓਟਵਾ ਵਿਚਾਲੇ ਜਾਰੀ ਕੂਟਨੀਤਕ ਤਣਾਅ ਦਰਮਿਆਨ ਉਸ ਤੇ ਉਸ ਦੇ ਦੋਸਤਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਈ ਪਰ ਟੋਰਾਂਟੋ ’ਚ ਪੜ੍ਹਾਈ ਪੂਰੀ ਹੋਣ ਮਗਰੋਂ ਕੰਮ ਦੀ ਤਲਾਸ਼ ਦੇ ਖਿਆਲ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡਾ ਰੱਖੀ ਹੈ।
ਉਸ ਨੇ ਦੱਸਿਆ ਕਿ ਚੰਗੀਆਂ ਨੌਕਰੀਆਂ ਹਾਸਲ ਕਰਨ ਵਿੱਚ ਨਾਕਾਮ ਰਹਿਣ ਵਾਲੇ ਅੱਜ ਆਪਣੇ ਖਰਚੇ ਪੂਰੇ ਕਰਨ ਲਈ ਗੱਡੀਆਂ ਚਲਾ ਰਹੇ ਹਨ, ਦੁਕਾਨਾਂ ਤੇ ਰੇਸਤਰਾਂ ’ਚ ਕੰਮ ਕਰ ਰਹੇ ਹਨ। ਇਹ ਉਨ੍ਹਾਂ ਲਈ ਬਹੁਤ ਚੁਣੌਤੀਪੂਰਨ ਸਥਿਤੀ ਹੈ। ਟੋਰਾਂਟੋ ਤੇ ਕੈਨੇਡਾ ਦੇ ਹੋਰ ਸ਼ਹਿਰਾਂ ’ਚ ਰਹਿਣ-ਸਹਿਣ ਮਹਿੰਗਾ ਹੋਣਾ ਵੀ ਵਿਦਿਆਰਥੀਆਂ ਲਈ ਪ੍ਰੇਸ਼ਾਨੀ ਦੀ ਅਹਿਮ ਵਜ੍ਹਾ ਹੈ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਪੈਸੇ ਬਚਾਉਣ ਲਈ ਇਕ ਕਮਰੇ ’ਚ ਰਹਿੰਦੇ ਹਨ ਤੇ ਹੋਰ ਸਹੂਲਤਾਂ ਦੀ ਸਾਂਝੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ: Jalandhar News: ਸਿਲੰਡਰ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, ਪਰਿਵਾਰ ਦੇ 7 ਮੈਂਬਰਾਂ 'ਚੋਂ 5 ਦੀ ਮੌਤ, ਇੱਕ ਦੀ ਹਾਲਤ ਗੰਭੀਰ