ਵਾਸ਼ਿੰਗਟਨ: ਅਮਰੀਕੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਸ਼ਹਿ ਵਾਲੇ ਅੱਤਵਾਦੀ ਸਮੂਹ ਭਾਰਤ ਤੇ ਅਮਰੀਕਾ ‘ਤੇ ਹਮਲਾ ਜਾਰੀ ਰੱਖਣਗੇ। ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਡੈਨ ਕੋਟਸ ਮੁਤਾਬਕ, ਅੱਤਵਾਦ ਵਿਰੋਧੀ ਮੁਹਿੰਮਾਂ ਵੱਲ ਪਾਕਿ ਦੀ ਸੋਚ ਸੌੜੀ ਰਹੀ ਹੈ। ਉਹ ਸਿਰਫ ਉਨ੍ਹਾਂ ਅੱਤਵਾਦੀਆਂ ਖਿਲਾਫ ਕਾਰਵਾਈ ਕਰਦਾ ਹੈ ਜੋ ਉਸ ਲਈ ਖ਼ਤਰਾ ਹੁੰਦੇ ਹਨ।

ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪਾਕਿ ਵੱਲੋਂ ਸਮਰਥਨ ਹਾਸਲ ਅੱਤਵਾਦੀ ਸਮੂਹ ਭਾਰਤ, ਅਫਗਾਨਿਸਤਾਨ ਤੇ ਅਮਰੀਕਾ ਦੇ ਹਿੱਤਾਂ ਖਿਲਾਫ ਹਮਲੇ ਦੀ ਸਾਜਿਸ਼ ਘੜਣ ਤੇ ਉਨ੍ਹਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨੀ ਜ਼ਮੀਨ ਦਾ ਸਹਾਰਾ ਲੈਣਗੇ। ਇਸ ਰਿਪੋਰਟ ‘ਚ ਦੁਨੀਆ ਭਰ ਦੇ ਖ਼ਤਰੇ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਕੋਟਸ ਤੋਂ ਇਲਾਵਾ ਭਾਰਤ ਤੋਂ ਪਰਤੀ ਸੀਆਈਏ ਚੀਫ ਜਿਨਾ ਹੈਸਪਲ, ਐਫਬੀਆਈ ਡਾਇਰੈਕਟਰ ਕ੍ਰਿਸਤੋਫਰ ਰੇ ਤੇ ਅਮਰੀਕੀ ਰੱਖਿਆ ਏਜੰਸੀ ਦੇ ਡਾਇਰੈਕਟਰ ਰਾਬਰਟ ਏਸ਼ਲੀ ਵੀ ਕਮੇਟੀ ‘ਚ ਸ਼ਾਹਮਣੇ ਪੇਸ਼ ਹੋਏ।

ਕੋਟਸ ਨੇ ਕਿਹਾ, ‘ਭਾਰਤ ‘ਚ ਲੋਕ ਸਭਾ ਚੋਣਾਂ ਦੌਰਾਨ ਫਿਰਕੂ ਹਿੰਸਾ ਭੜਕ ਸਕਦੀ ਹੈ। ਅੱਤਵਾਦੀਆਂ ਖਿਲਾਫ ਪਾਕਿਸਤਾਨ ਦੇ ਰਵੱਈਏ ਨਾਲ ਕਈ ਦੇਸ਼ਾਂ ਲਈ ਮੁਸ਼ਕਲਾਂ ਵਧਣਗੀਆਂ। ਇਸ ਸਾਲ ਭਾਰਤ ਤੇ ਚੀਨ ਦੇ ਰਿਸ਼ਤਿਆਂ ‘ਚ ਤਣਾਅ ਵਧਣ ਦੀ ਵੀ ਉਮੀਦ ਇਸ ਰਿਪੋਰਟ ‘ਚ ਸਾਹਮਣੇ ਆਈ ਹੈ।