Thailand-Cambodia Tension: 28 ਮਈ 2025 ਨੂੰ ਥਾਈਲੈਂਡ ਤੇ ਕੰਬੋਡੀਆ ਦੀ ਸਰਹੱਦ 'ਤੇ ਇੱਕ ਝੜਪ ਹੋਈ ਸੀ, ਜਿਸ ਵਿੱਚ ਇੱਕ ਕੰਬੋਡੀਅਨ ਸੈਨਿਕ ਮਾਰਿਆ ਗਿਆ ਸੀ। ਇਹ ਘਟਨਾ ਇੱਕ ਵਿਵਾਦਤ ਖੇਤਰ ਵਿੱਚ ਵਾਪਰੀ ਜਿੱਥੇ ਅੱਜ ਤੱਕ ਕੋਈ ਸਪੱਸ਼ਟ ਸਰਹੱਦੀ ਰੇਖਾ ਨਿਰਧਾਰਤ ਨਹੀਂ ਕੀਤੀ ਗਈ ਹੈ। ਉਦੋਂ ਤੋਂ, ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਸਰਹੱਦ 'ਤੇ ਤਾਇਨਾਤੀ ਵਧਾ ਦਿੱਤੀ ਹੈ।

ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਫੁਮਥਮ ਵੇਚਾਇਆਚਾਈ ਨੇ ਦੋਸ਼ ਲਗਾਇਆ ਕਿ ਕੰਬੋਡੀਆ ਨੇ ਦੁਵੱਲੀ ਗੱਲਬਾਤ ਵਿੱਚ ਸ਼ਾਂਤੀ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਹੈ ਤੇ ਜਾਣਬੁੱਝ ਕੇ ਤਣਾਅ ਵਧਾਇਆ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਏ ਤਣਾਅ ਤੋਂ ਬਾਅਦ, ਹੁਣ ਇਨ੍ਹਾਂ ਦੋਵਾਂ ਏਸ਼ੀਆਈ ਦੇਸ਼ਾਂ ਵਿਚਕਾਰ ਜੰਗ ਦੀਆਂ ਸੰਭਾਵਨਾਵਾਂ ਹਨ।

ਥਾਈ ਫੌਜ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੰਬੋਡੀਅਨ ਸੈਨਿਕ ਅਤੇ ਨਾਗਰਿਕ ਵਾਰ-ਵਾਰ ਥਾਈ ਖੇਤਰ ਵਿੱਚ ਘੁਸਪੈਠ ਕਰ ਰਹੇ ਹਨ। ਥਾਈਲੈਂਡ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਸਰਹੱਦੀ ਚੌਕੀਆਂ ਦਾ ਪੂਰਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਵੇਗਾ ਤੇ "ਉੱਚ-ਪੱਧਰੀ ਫੌਜੀ ਕਾਰਵਾਈ" ਲਈ ਤਿਆਰ ਹੈ। ਥਾਈ ਸਰਕਾਰ ਦਾ ਇਹ ਬਿਆਨ ਉਨ੍ਹਾਂ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ, ਪਰ ਇਹ, ਇਹ ਵੀ ਦਰਸਾਉਂਦਾ ਹੈ ਕਿ ਸਰਹੱਦ 'ਤੇ ਫੌਜੀ ਕਾਰਵਾਈ ਕਿਸੇ ਵੀ ਸਮੇਂ ਤੇਜ਼ ਹੋ ਸਕਦੀ ਹੈ।

ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਨੇ ਇੱਕ ਭਾਸ਼ਣ ਵਿੱਚ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਟਕਰਾਅ ਸ਼ੁਰੂ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਹਮਲਾ ਹੋਣ 'ਤੇ ਆਪਣਾ ਬਚਾਅ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਕੰਬੋਡੀਆ ਦੀ ਪ੍ਰਭੂਸੱਤਾ ਦੀ ਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੰਬੋਡੀਆ ਹੁਣ ਵਿਵਾਦਿਤ ਸਰਹੱਦੀ ਖੇਤਰਾਂ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਜਾਵੇਗਾ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਦੁਵੱਲੀ ਗੱਲਬਾਤ ਅਸਫਲ ਹੋ ਗਈ।

100 ਸਾਲਾਂ ਤੋਂ ਵਿਵਾਦ ਚੱਲ ਰਿਹਾ

ਥਾਈਲੈਂਡ ਅਤੇ ਕੰਬੋਡੀਆ 817 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦੇ ਹਨ, ਜਿਸ ਵਿੱਚ ਕਈ ਥਾਵਾਂ 'ਤੇ ਪ੍ਰਭੂਸੱਤਾ ਵਿਵਾਦ ਹਨ। 1907 ਵਿੱਚ ਫਰਾਂਸ ਦੁਆਰਾ ਸਰਹੱਦ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਦੋਂ ਕੰਬੋਡੀਆ ਇੱਕ ਫਰਾਂਸੀਸੀ ਬਸਤੀ ਸੀ। 2008 ਵਿੱਚ, 11ਵੀਂ ਸਦੀ ਦੇ ਪ੍ਰੀਆ ਵਿਹਰ ਮੰਦਰ ਨੂੰ ਲੈ ਕੇ ਵਿਵਾਦ ਨੇ ਹਿੰਸਕ ਰੂਪ ਲੈ ਲਿਆ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ 2011 ਵਿੱਚ ਇੱਕ ਹਫ਼ਤੇ ਤੱਕ  ਗੋਲੀਬਾਰੀ ਹੋਈ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਜੋ ਇਸ ਸਮੇਂ ਆਸੀਆਨ ਦੇ ਚੇਅਰਮੈਨ ਹਨ, ਨੇ ਦੋਵਾਂ ਦੇਸ਼ਾਂ ਵਿਚਕਾਰ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਸਫਲ ਰਹੇ। ਇਹ ਪੂਰੇ ਆਸੀਆਨ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਗੰਭੀਰ ਖ਼ਤਰਾ ਹੈ।