Thailand Explosion: ਦੱਖਣੀ ਥਾਈਲੈਂਡ 'ਚ ਸ਼ਨੀਵਾਰ (29 ਜੁਲਾਈ) ਨੂੰ ਪਟਾਕਿਆਂ ਦੀ ਫੈਕਟਰੀ 'ਚ ਹੋਏ ਧਮਾਕੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 115 ਤੋਂ ਵੱਧ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਨਾਰਾਥਿਵਾਸ ਸੂਬੇ ਦੇ ਸੁੰਗਈ ਕੋਲੋਕ ਸ਼ਹਿਰ 'ਚ ਸਥਿਤ ਪਟਾਕਾ ਫੈਕਟਰੀ 'ਚ ਹੋਇਆ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਫਤ ਰੋਕਥਾਮ ਅਤੇ ਰਾਹਤ ਵਿਭਾਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵੱਧ ਸਕਦੀ ਹੈ।
ਇਸ ਧਮਾਕੇ ਬਾਰੇ ਸ਼ਹਿਰ ਦੇ ਗਵਰਨਰ ਸਨਾਨ ਪੋਂਗਕਸੋਰਨ ਨੇ ਮੀਡੀਆ ਨੂੰ ਦੱਸਿਆ ਕਿ 115 ਲੋਕ ਜ਼ਖਮੀ ਹੋਏ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ ਬਾਜ਼ਾਰ ਵਿੱਚ ਲੱਗੀ ਅੱਗ 'ਤੇ ਹੁਣ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ: Ration Depot: ਸਰਕਾਰ ਦਾ ਵੱਡਾ ਫੈਸਲਾ, ਹੁਣ ਔਰਤਾਂ ਦੇ ਹੱਥਾਂ 'ਚ ਹੋਵੇਗੀ ਡਿਪੂਆਂ ਦੀ ਕਮਾਨ
ਸਟੀਲ ਵੈਲਡਿੰਗ ਦੌਰਾਨ ਵਾਪਰਿਆ ਹਾਦਸਾ
ਧਮਾਕੇ ਬਾਰੇ ਰਾਜਪਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਪਟਾਕਾ ਫੈਕਟਰੀ ਵਿੱਚ ਸਟੀਲ ਵੈਲਡਿੰਗ ਦੌਰਾਨ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ ਹੈ। ਧਮਾਕੇ ਤੋਂ ਬਾਅਦ ਮੀਡੀਆ 'ਤੇ ਵਾਇਰਲ ਹੋਈ ਫੁਟੇਜ 'ਚ ਬਾਜ਼ਾਰ 'ਚੋਂ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਜਾ ਸਕਦਾ ਹੈ। ਧਮਾਕੇ ਕਾਰਨ ਕਈ ਦੁਕਾਨਾਂ, ਘਰ ਅਤੇ ਵਾਹਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਇਸ ਧਮਾਕੇ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਜਾ ਸਕਦਾ ਹੈ।
ਚਸ਼ਮਦੀਦ ਨੇ ਦੱਸਿਆ ਆਪਣਾ ਹਾਲ
ਪਟਾਕੇ ਫੈਕਟਰੀ ਤੋਂ 100 ਮੀਟਰ ਦੀ ਦੂਰੀ 'ਤੇ ਰਹਿਣ ਵਾਲੇ ਚਸ਼ਮਦੀਦ ਗਵਾਹ ਸੇਕਸਾਨ ਤਾਏਸੇਨ ਨੇ ਕਿਹਾ, "ਮੈਂ ਘਰ ਦੇ ਅੰਦਰ ਆਪਣੇ ਫ਼ੋਨ 'ਤੇ ਗੇਮ ਖੇਡ ਰਿਹਾ ਸੀ ਤੇ ਅਚਾਨਕ ਮੈਨੂੰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੇ ਮੇਰਾ ਪੂਰਾ ਘਰ ਹਿਲਾ ਕੇ ਰੱਖ ਦਿੱਤਾ ਹੈ।" ਜਦੋਂ ਮੈਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਮੇਰੀ ਛੱਤ ਉੱਡ ਗਈ ਸੀ। ਮੈਂ ਬਾਹਰ ਦੇਖਿਆ ਕਿ ਕੁਝ ਲੋਕ ਧਮਾਕੇ ਦਾ ਸ਼ਿਕਾਰ ਹੋ ਕੇ ਜ਼ਮੀਨ 'ਤੇ ਡਿੱਗ ਕੇ ਤੜਫ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੈਂਕਾਕ 'ਚ ਇਕ ਨਿਰਮਾਣ ਅਧੀਨ ਸੜਕ ਪੁਲ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: Uttarakhand News: ਜੋਸ਼ੀਮੱਠ-ਬਦਰੀਨਾਥ ‘ਤੇ ਹਾਈਵੇ ਹੋਇਆ ਬੰਦ, ਭਾਰੀ ਮੀਂਹ ਤੋਂ ਬਾਅਦ ਸੜਕ ‘ਤੇ ਆਇਆ ਪਹਾੜ ਦਾ ਮਲਬਾ