ਮੇਟਾ ਚੀਫ ਮਾਰਕ ਜ਼ੁਕਰਬਰਗ (Mark Zuckerberg) ਨੇ ਦੋਸ਼ ਲਗਾਇਆ ਹੈ ਕਿ ਜੋ ਬਾਇਡੇਨ-ਕਮਲਾ ਹੈਰਿਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੰਪਨੀ 'ਤੇ ਕੋਵਿਡ ਨਾਲ ਸਬੰਧਤ ਪੋਸਟਾਂ ਨੂੰ ਸੈਂਸਰ (ਹਟਾਉਣ) ਲਈ ਵਾਰ-ਵਾਰ ਦਬਾਅ ਪਾਇਆ। ਉਨ੍ਹਾਂ ਇਹ ਦੋਸ਼ ਨਿਆਂਪਾਲਿਕਾ ਕਮੇਟੀ ਨੂੰ ਲਿਖੇ ਪੱਤਰ ਵਿੱਚ ਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹਾ ਦਬਾਅ ਪਾਉਣਾ ਗ਼ਲਤ ਹੈ। ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਇਸ ਮੁੱਦੇ 'ਤੇ ਪਹਿਲਾਂ ਜ਼ਿਆਦਾ ਨਹੀਂ ਬੋਲ ਸਕੇ।


ਜ਼ੁਕਰਬਰਗ ਨੇ ਚਿੱਠੀ 'ਚ ਲਿਖਿਆ ਕਿ ਬਾਇਡੇਨ ਪ੍ਰਸ਼ਾਸਨ ਨੇ 2021 'ਚ ਕਈ ਮਹੀਨਿਆਂ ਤੱਕ ਉਨ੍ਹਾਂ 'ਤੇ ਦਬਾਅ ਬਣਾਇਆ। ਉਹ ਕੋਵਿਡ-19 ਨਾਲ ਸਬੰਧਤ ਮੀਮਜ਼ ਨੂੰ ਵੀ ਹਟਾਉਣਾ ਚਾਹੁੰਦੇ ਸਨ। ਜਦੋਂ ਅਸੀਂ ਇਸ 'ਤੇ ਸਹਿਮਤ ਨਹੀਂ ਹੋਏ ਤਾਂ ਉਨ੍ਹਾਂ ਨੇ ਇਸ ਬਾਰੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ।ਮੇਟਾ ਚੀਫ ਨੇ ਕਿਹਾ ਕਿ ਆਖਿਰਕਾਰ ਇਹ ਸਾਡਾ ਫੈਸਲਾ ਸੀ ਕਿ ਸਮੱਗਰੀ ਨੂੰ ਹਟਾਉਣਾ ਹੈ ਜਾਂ ਨਹੀਂ। ਅਸੀਂ ਆਪਣੇ ਫੈਸਲਿਆਂ ਲਈ ਜ਼ਿੰਮੇਵਾਰ ਹਾਂ।


ਜ਼ੁਕਰਬਰਗ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਵੀ ਹਾਲਤ 'ਚ ਸਰਕਾਰ ਦੇ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ। ਸਾਨੂੰ ਸਾਡੀ ਸਮੱਗਰੀ ਦੇ ਮਿਆਰਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਜੇ ਦੁਬਾਰਾ ਅਜਿਹਾ ਕੁਝ ਹੁੰਦਾ ਹੈ ਤਾਂ ਵੀ ਸਾਡਾ ਜਵਾਬ ਪਹਿਲਾਂ ਵਾਂਗ ਹੀ ਹੋਵੇਗਾ।''






ਇਸੇ ਪੱਤਰ ਵਿੱਚ ਜ਼ੁਕਰਬਰਗ ਨੇ ਦੋਸ਼ ਲਾਇਆ ਕਿ 2020 ਦੀਆਂ ਚੋਣਾਂ ਤੋਂ ਪਹਿਲਾਂ FBI ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ। ਮੇਟਾ ਚੀਫ ਨੇ ਕਿਹਾ ਕਿ ਨਿਊਯਾਰਕ ਪੋਸਟ ਨੇ ਬਾਇਡੇਨ ਪਰਿਵਾਰ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ 'ਤੇ ਇਕ ਰਿਪੋਰਟ ਲਿਖੀ ਸੀ। FBI ਨੇ ਇਸ ਨੂੰ ਰੂਸੀ ਪ੍ਰਾਪੇਗੰਡਾ ਦੱਸਦੇ ਹੋਏ ਇਸ 'ਤੇ ਤੱਥ ਜਾਂਚ ਨੋਟਿਸ ਲਗਾਉਣ ਲਈ ਕਿਹਾ ਸੀ।


ਜ਼ੁਕਰਬਰਗ ਨੇ ਕਿਹਾ ਕਿ ਮੇਟਾ ਨੇ ਫੇਸਬੁੱਕ 'ਤੇ ਇਸ ਕਹਾਣੀ ਨੂੰ ਡੀਮੋਟ ਕੀਤਾ ਹੈ। ਇਸ ਕਾਰਨ ਇਹ ਕਹਾਣੀ ਬਹੁਤੇ ਲੋਕਾਂ ਤੱਕ ਨਹੀਂ ਪਹੁੰਚ ਸਕੀ। ਜ਼ੁਕਰਬਰਗ ਨੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਰਿਪੋਰਟਿੰਗ ਰੂਸੀ ਗ਼ਲਤ ਜਾਣਕਾਰੀ ਨਹੀਂ ਸੀ ਅਤੇ ਇਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਸੀ।