Balochistan War: ਹੁਣ ਬਲੋਚਿਸਤਾਨ 'ਤੇ ਪਾਕਿਸਤਾਨੀ ਫ਼ੌਜ ਦੀ ਪਕੜ ਕਮਜ਼ੋਰ ਹੋ ਰਹੀ ਹੈ, ਲਗਭਗ ਪੂਰੇ ਸੂਬੇ 'ਤੇ ਬਲੋਚ ਲੜਾਕਿਆਂ ਨੇ ਕਬਜ਼ਾ ਕਰ ਲਿਆ ਹੈ। ਬਲੋਚਿਸਤਾਨ 'ਚ ਫ਼ੌਜ ਤੇ ਬਲੋਚ ਲੜਾਕਿਆਂ ਵਿਚਾਲੇ ਜੰਗ ਵਰਗੀ ਸਥਿਤੀ ਬਣੀ ਹੋਈ ਹੈ, ਜਿਸ 'ਚ ਦੋਹਾਂ ਧਿਰਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ 'ਆਪਰੇਸ਼ਨ ਹੇਰੋਫ਼' ਸ਼ੁਰੂ ਕੀਤਾ ਹੈ। ਬਲੋਚ ਆਰਮੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਆਪਰੇਸ਼ਨ ਦੇ ਸ਼ੁਰੂ ਹੋਣ ਦੇ ਛੇ ਘੰਟਿਆਂ ਦੇ ਅੰਦਰ 102 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬਲੋਚ ਆਰਮੀ ਦੀ ਮਜੀਦ ਬ੍ਰਿਗੇਡ ਵੀ ਇਸ ਆਪਰੇਸ਼ਨ 'ਚ ਸ਼ਾਮਲ ਹੈ, ਜਿਸ ਕੋਲ ਆਤਮਘਾਤੀ ਹਮਲਾਵਰ ਹਨ।
ਓਪਰੇਸ਼ਨ ਹੇਰੋਫ ਵਿੱਚ ਫ਼ੌਜ ਦੇ ਬੇਲਾ ਕੈਂਪ ਉੱਤੇ ਕਬਜ਼ਾ ਕਰਨਾ ਤੇ ਫ਼ੌਜੀ ਕਾਫਲਿਆਂ ਉੱਤੇ ਹਮਲਾ ਕਰਨਾ ਸ਼ਾਮਲ ਹੈ। ਦੂਜੇ ਪਾਸੇ ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵੱਖ-ਵੱਖ ਥਾਵਾਂ 'ਤੇ ਮੁਕਾਬਲੇ ਦੌਰਾਨ 21 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਜਿਆਂਦ ਬਲੋਚ ਨੇ ਇੱਕ ਬਿਆਨ 'ਚ ਕਿਹਾ ਕਿ ਬੇਲਾ 'ਚ ਫੌਜੀ ਅੱਡੇ 'ਤੇ ਹੋਏ ਹਮਲੇ 'ਚ 40 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਬੀਐੱਲਏ ਦੀ ਆਤਮਘਾਤੀ ਯੂਨਿਟ ਨੇ ਪਿਛਲੇ ਛੇ ਘੰਟਿਆਂ ਤੋਂ ਫ਼ੌਜੀ ਅੱਡੇ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ।
ਬੀਐਲਏ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਹੁਣ ਤੱਕ ਫੌਜੀ ਅੱਡੇ 'ਤੇ ਸਾਰੇ ਆਤਮਘਾਤੀ ਪੀੜਤ ਸੁਰੱਖਿਅਤ ਹਨ ਤੇ ਸਾਡੇ ਸੰਪਰਕ ਵਿੱਚ ਹਨ।' ਅਜਿਹਾ ਲਗਦਾ ਹੈ ਕਿ ਬੀ.ਐਲ.ਏ. ਦੇ ਲੜਾਕੇ ਫੌਜੀ ਕੈਂਪ ਵਿੱਚ ਹਨ ਅਤੇ ਦੁਸ਼ਮਣ ਦੇ ਖ਼ਿਲਾਫ਼ ਅੱਗੇ ਵਧ ਰਹੇ ਹਨ। ਬੀਐਲਏ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਐਲਏ ਦੇ ਹਮਲਾਵਰਾਂ ਨੇ ਐਤਵਾਰ ਰਾਤ ਨੂੰ ਫੌਜੀ ਅੱਡੇ ਦੇ ਮੁੱਖ ਗੇਟ ਅਤੇ ਸੁਰੱਖਿਆ ਚੌਕੀਆਂ ਉੱਤੇ ਵਿਸਫੋਟਕਾਂ ਨਾਲ ਭਰੇ ਦੋ ਵਾਹਨਾਂ ਵਿੱਚ ਧਮਾਕਾ ਕੀਤਾ, ਜਿਸ ਕਾਰਨ ਸੁਰੱਖਿਆ ਚੌਕੀਆਂ ਤਬਾਹ ਹੋ ਗਈਆਂ। ਇਸ ਤੋਂ ਬਾਅਦ ਮਜੀਦ ਬ੍ਰਿਗੇਡ ਦੇ ਆਤਮਘਾਤੀ ਲੜਾਕਿਆਂ ਨੇ ਬੇਲਾ ਮਿਲਟਰੀ ਕੈਂਪ ਵਿਚ ਦਾਖਲ ਹੋ ਕੇ 40 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ। ਬੇਸ ਦੇ ਵੱਡੇ ਖੇਤਰ 'ਤੇ ਵੀ ਕਬਜ਼ਾ ਕਰ ਲਿਆ।
ਦੂਜੇ ਪਾਸੇ ਬੀ.ਐੱਲ.ਏ. ਦੇ ਲੜਾਕਿਆਂ ਨੇ ਸਾਰੇ ਹਾਈਵੇਅ 'ਤੇ ਨਾਕੇ ਲਗਾ ਕੇ ਆਪਣਾ ਅਧਿਕਾਰ ਕਾਇਮ ਕਰ ਲਿਆ ਹੈ। ਬਲੋਚ ਆਰਮੀ ਦਾ ਫਤਹ ਸਕੁਐਡ ਅਤੇ ਸਪੈਸ਼ਲ ਟੈਕਟੀਕਲ ਆਪ੍ਰੇਸ਼ਨ ਸਕੁਐਡ (ਐਸਟੀਓਐਸ) ਇਸ ਆਪਰੇਸ਼ਨ ਵਿੱਚ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਨਾਕਾਬੰਦੀ ਦੌਰਾਨ ਹੋਈਆਂ ਝੜਪਾਂ 'ਚ ਹੁਣ ਤੱਕ 62 ਫੌਜੀ ਮਾਰੇ ਜਾ ਚੁੱਕੇ ਹਨ। ਇਸ ਤਰ੍ਹਾਂ ਹੁਣ ਤੱਕ 102 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ। ਬੀਐਲਏ ਨੇ ਕਿਹਾ ਹੈ ਕਿ ਇਸ ਅਪਰੇਸ਼ਨ ਦੌਰਾਨ ਆਰਮੀ, ਲੇਵੀਜ਼ ਅਤੇ ਪੁਲਿਸ ਦੇ 22 ਤੋਂ ਵੱਧ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਦੁਸ਼ਮਣਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਚੈਕ ਪੁਆਇੰਟ 'ਤੇ ਮਾਰ ਦਿੱਤਾ ਗਿਆ ਹੈ।