ਆਸਟ੍ਰੇਲੀਅਨ ਰਾਜ ਵਿਕਟੋਰੀਆ ਵਿੱਚ ਸਿੱਖ ਭਾਈਚਾਰੇ ਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਬਰਵਿਕ ਸਪ੍ਰਿੰਗਜ਼ ਖੇਤਰ ਵਿੱਚ ਇੱਕ ਝੀਲ ਦਾ ਨਾਂਅ "ਗੁਰੂ ਨਾਨਕ ਝੀਲ" ਰੱਖਿਆ ਗਿਆ ਹੈ। ਇਹ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ (15 ਨਵੰਬਰ) ਦੇ ਮੌਕੇ 'ਤੇ ਲਿਆ ਗਿਆ ਹੈ।
ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੱਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ਵਿੱਚ ਲੰਗਰ ਸਮਾਗਮਾਂ ਦੇ ਆਯੋਜਨ ਦੀ ਸਹਾਇਤਾ ਲਈ $600,000 ਦੀ ਗ੍ਰਾਂਟ ਵੀ ਪ੍ਰਦਾਨ ਕਰੇਗੀ।
ਆਸਟ੍ਰੇਲੀਆਈ ਰਾਜ ਵਿਕਟੋਰੀਆ ਵਿੱਚ "ਨੇਮ ਏ ਪਲੇਸ" ਮੁਹਿੰਮ ਦੇ ਹਿੱਸੇ ਵਜੋਂ ਬਰਵਿਕ ਸਪ੍ਰਿੰਗਜ਼ ਝੀਲ ਦਾ ਨਾਮ ਬਦਲ ਕੇ "ਗੁਰੂ ਨਾਨਕ ਝੀਲ" ਰੱਖਿਆ ਗਿਆ ਸੀ। ਵਿਕਟੋਰੀਆ ਸਰਕਾਰ ਦੀ ਇਹ ਮੁਹਿੰਮ ਸਮਾਜ ਦੀਆਂ ਘੱਟ ਗਿਣਤੀਆਂ ਤੇ ਵਿਸ਼ੇਸ਼ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਇਸ ਝੀਲ ਦਾ ਨਾਂਅ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਰੱਖਿਆ ਗਿਆ ਹੈ, ਜੋ ਕਿ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।
ਇਸ ਨਾਮਕਰਨ ਪਿੱਛੇ ਸਿੱਖ ਇੰਟਰਫੇਥ ਕੌਂਸਲ ਆਫ਼ ਵਿਕਟੋਰੀਆ ਦੇ ਚੇਅਰਮੈਨ ਜਸਬੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ, ਜਿਨ੍ਹਾਂ ਨੇ 2018 ਵਿੱਚ ਵਿਕਟੋਰੀਆ ਦੇ ਪ੍ਰਧਾਨ ਮੰਤਰੀ ਨਾਲ ਇਸ ਵਿਸ਼ੇ 'ਤੇ ਗੱਲਬਾਤ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਇਹ ਝੀਲ ‘ਗੁਰੂ ਨਾਨਕ ਝੀਲ’ ਵਜੋਂ ਜਾਣੀ ਜਾਵੇਗੀ ਅਤੇ ਇਸ ਦਾ ਨਾਂਅ ਸਰਕਾਰੀ ਗਜ਼ਟ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨਾਮਕਰਨ ਝੀਲ 'ਤੇ ਆਉਣ ਵਾਲੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਪ੍ਰੇਰਿਤ ਕਰੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।