Tornado in America: ਅਮਰੀਕਾ ਦੇ ਦੱਖਣ ਤੇ ਮਿਡਵੈਸਟ ’ਚ ਆਏ ਵਾਵਰੋਲੇ ਤੇ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ। ਕੁਦਰਤੀ ਆਫ਼ਤ ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। ਅਜੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਤੂਫਾਨ ਇੰਨਾ ਤੇਜ਼ ਸੀ ਕਿ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਉਧਰ, ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਤੇਜ਼ੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਇਲੀਨੌਇ ’ਚ ਇਕ ਸੰਗੀਤ ਪ੍ਰੋਗਰਾਮ ਵਾਲੀ ਥਾਂ ਦੀ ਛੱਤ ਡਿੱਗ ਗਈ। ਅੱਠ ਸੂਬਿਆਂ ’ਚ ਵਾਵਰੋਲੇ ਨੇ ਕਈ ਘਰਾਂ ਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਤੇ ਰੁਖ ਜੜ੍ਹੋਂ ਉਖਾੜ ਦਿੱਤੇ। ਕਈ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਟੈਨੇਸੀ ਕਾਊਂਟੀ ’ਚ 9, ਵਿਨ (ਅਰਕਾਂਸਸ) ’ਚ ਚਾਰ, ਸੂਲੀਵਾਨ (ਇੰਡੀਆਨਾ) ’ਚ ਤਿੰਨ ਅਤੇ ਇਲੀਨੌਇ ’ਚ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਅਲਬਾਮਾ ਅਤੇ ਮਿਸੀਸਿਪੀ ’ਚ ਵੀ ਕੁਝ ਮੌਤਾਂ ਹੋਈਆਂ ਹਨ। ਕਰੀਬ 8 ਹਜ਼ਾਰ ਦੀ ਅਬਾਦੀ ਵਾਲੇ ਵਿਨ ’ਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਲੋਕ ਜਦੋਂ ਸਵੇਰੇ ਜਾਗੇ ਤਾਂ ਹਾਈ ਸਕੂਲ ਦੀ ਛੱਤ ਉੱਡ ਚੁੱਕੀ ਸੀ ਤੇ ਉਸ ਦੇ ਸ਼ੀਸ਼ੇ ਟੁੱਟ ਗਏ ਸਨ। ਕਈ ਘਰਾਂ ਤੇ ਸੜਕਾਂ ’ਤੇ ਮਲਬਾ ਇਕੱਠਾ ਹੋ ਗਿਆ ਹੈ।
ਪ੍ਰਸ਼ਾਸਨ ਵੱਲੋਂ ਇਲਾਕੇ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਮਲਾ ਬਿਜਲੀ ਸਪਲਾਈ ਬਹਾਲ ਕਰਨ ’ਚ ਜੁਟਿਆ ਹੋਇਆ ਹੈ। ਗਵਰਨਰ ਬਿਲ ਲੀ ਨੇ ਕਾਊਂਟੀ ਦਾ ਦੌਰਾ ਕਰਕੇ ਤਬਾਹੀ ਦਾ ਮੰਜ਼ਰ ਦੇਖਿਆ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਹਾਲਾਤ ਆਮ ਵਾਂਗ ਹੋ ਜਾਣਗੇ।
ਇਲੀਨੌਇ ਦੇ ਬੈਲਵਿਡੇਅਰ ਦੇ ਅਪੋਲੋ ਥਿਏਟਰ ਦੀ ਛੱਤ ਦਾ ਇਕ ਹਿੱਸਾ ਡਿੱਗ ਗਿਆ ਜਿਥੇ ਕਰੀਬ 260 ਲੋਕ ਹਾਜ਼ਰ ਸਨ। ਮਲਬੇ ਹੇਠਾਂ ਦੱਬੇ 50 ਸਾਲ ਦੇ ਇਕ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਪਰ ਬਾਅਦ ’ਚ ਉਸ ਦੀ ਮੌਤ ਹੋ ਗਈ। ਇਸ ਹਾਦਸੇ ’ਚ 40 ਵਿਅਕਤੀ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: Weird News: ਪਤੀ ਜਿਉਂਦਾ ਹੋਣ ਦੇ ਬਾਵਜੂਦ ਕਿਉਂ ਵਿਧਵਾਵਾਂ ਵਾਂਗ ਰਹਿੰਦੀਆਂ ਇਸ ਭਾਈਚਾਰੇ ਦੀਆਂ ਔਰਤਾਂ?
ਸੂਲੀਵਾਨ ਦੇ ਮੇਅਰ ਕਲਿੰਟ ਲੈਂਬ ਨੇ ਕਿਹਾ ਕਿ ਕਾਊਂਟੀ ਦਾ ਦੱਖਣੀ ਇਲਾਕਾ ਉੱਜੜ ਗਿਆ ਹੈ ਅਤੇ ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ 12 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ।