ISIS Terrorist Plotting Attack in India Nabbed: ਰੂਸ 'ਚ ਸੋਮਵਾਰ ਨੂੰ ਇਸਲਾਮਿਕ ਸਟੇਟ (ਆਈਐਸ) ਦੇ ਇੱਕ ਫਿਦਾਇਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਰੂਸੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਆਤਮਘਾਤੀ ਹਮਲਾਵਰ ਭਾਰਤ ਵਿੱਚ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਉਸ ਦਾ ਨਿਸ਼ਾਨਾ ਹਾਕਮ ਧਿਰ ਦੇ ਆਗੂ ਸਨ। ਰਿਪੋਰਟਾਂ ਮੁਤਾਬਕ ਰੂਸ ਦੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਪਾਬੰਦੀਸ਼ੁਦਾ ਆਈਐਸ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੱਧ ਏਸ਼ੀਆਈ ਦੇਸ਼ ਦਾ ਮੂਲ ਨਿਵਾਸੀ ਹੈ। ਫੜੇ ਗਏ ISIS ਅੱਤਵਾਦੀ ਨੂੰ ਤੁਰਕੀ ਵਿੱਚ ਆਤਮਘਾਤੀ ਹਮਲਾਵਰ ਵਜੋਂ ਭਰਤੀ ਕੀਤਾ ਗਿਆ ਸੀ।
ਰੂਸੀ ਮੀਡੀਆ ਵਿੱਚ ਇਹ ਰਿਪੋਰਟ ਦਿੱਤੀ ਗਈ ਹੈ ਕਿ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਇੱਕ ਆਈਐਸਆਈਐਸ ਆਤਮਘਾਤੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਭਾਰਤ ਸਰਕਾਰ (ਜੀਓਆਈ) ਦੇ ਇੱਕ ਪ੍ਰਤੀਨਿਧੀ ਖਿਲਾਫ ਇੱਕ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਰੂਸੀ ਸਮਾਚਾਰ ਏਜੰਸੀ ਸਪੁਤਨਿਕ ਅਨੁਸਾਰ, ਦਾਏਸ਼ ਦਾ ਇੱਕ ਅੱਤਵਾਦੀ ਭਾਰਤ ਦੀ ਉੱਚ ਲੀਡਰਸ਼ਿਪ ਦੇ ਇੱਕ ਮੈਂਬਰ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।
ਐਫਐਸਬੀ ਨੇ ਕਿਹਾ, "ਰੂਸ ਵਿੱਚ ਪਾਬੰਦੀਸ਼ੁਦਾ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇੱਕ ਮੈਂਬਰ ਦੀ ਪਛਾਣ ਕੀਤੀ ਗਈ ਹੈ। ਫੜਿਆ ਗਿਆ ਅੱਤਵਾਦੀ ਮੱਧ ਏਸ਼ਿਆਈ ਖੇਤਰ ਦਾ ਇੱਕ ਨਾਗਰਿਕ ਹੈ। ਉਸ ਨੇ ਭਾਰਤ ਵਿੱਚ ਸੱਤਾਧਾਰੀ ਸਮੂਹ ਦੇ ਇੱਕ ਪ੍ਰਤੀਨਿਧੀ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ।"
ਦੱਸ ਦੇਈਏ ਕਿ ISIS ਨੂੰ ਇਸਲਾਮਿਕ ਸਟੇਟ ਆਫ ਇਰਾਕ ਐਂਡ ਦ ਲੇਵੈਂਟ ਜਾਂ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅੱਤਵਾਦੀ ਸੰਗਠਨ 2013 ਵਿੱਚ ਹੋਂਦ ਵਿੱਚ ਆਇਆ ਸੀ। ਇਸ ਨੂੰ ਦੁਨੀਆ ਦਾ ਸਭ ਤੋਂ ਖੌਫਨਾਕ ਤੇ ਅਮੀਰ ਅੱਤਵਾਦੀ ਸੰਗਠਨ ਮੰਨਿਆ ਜਾਂਦਾ ਹੈ।
ਇਸ ਦਾ ਬਜਟ ਦੋ ਅਰਬ ਡਾਲਰ ਦੱਸਿਆ ਜਾਂਦਾ ਹੈ। 2014 ਵਿੱਚ, ਇਸ ਨੇ ਆਪਣੇ ਮੁਖੀ ਅਬੂ ਬਕਰ ਅਲ-ਬਗਦਾਦੀ ਨੂੰ ਦੁਨੀਆ ਦੇ ਸਾਰੇ ਮੁਸਲਮਾਨਾਂ ਦਾ ਖਲੀਫਾ ਘੋਸ਼ਿਤ ਕੀਤਾ। ਇਰਾਕ ਤੇ ਸੀਰੀਆ ਦੇ ਵੱਡੇ ਹਿੱਸੇ 'ਤੇ ਇਸ ਅੱਤਵਾਦੀ ਸੰਗਠਨ ਦਾ ਕਬਜ਼ਾ ਮੰਨਿਆ ਜਾਂਦਾ ਹੈ। ਇਨ੍ਹਾਂ ਥਾਵਾਂ 'ਤੇ ਅੱਤਵਾਦੀ ਸੰਗਠਨ ਪੁਰਾਣੇ ਇਸਲਾਮਿਕ ਕਾਨੂੰਨ ਨੂੰ ਚਲਾਉਂਦਾ ਹੈ।