Hardeep Nijjar Murder: ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਅਮਰੀਕਾ ਦਾ ਮੁੜ ਵੱਡਾ ਬਿਆਨ ਆਇਆ ਹੈ। ਅਮਰੀਕਾ ਨੇ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤ ਨੂੰ ਜਾਂਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਅਮਰੀਕਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਇਹ ਮਾਮਲਾ ਭਾਰਤ ਕੋਲ ਉਠਾ ਚੁੱਕੇ ਹਨ। ਅਮਰੀਕੀ ਤਰਜ਼ਮਾਨ ਨੇ ਕਿਹਾ ਹੈ ਕਿ ਕੈਨੇਡਾ ਦੀ ਜਾਂਚ ਦਾ ਅੱਗੇ ਵਧਣਾ ਤੇ ਜਾਰੀ ਰਹਿਣਾ ਅਹਿਮ ਹੈ ਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਇਆ ਜਾਵੇ।  


ਦਰਅਸਲ ਵ੍ਹਾਈਟ ਹਾਊਸ ਨੇ ਮੁੜ ਕਿਹਾ ਹੈ ਕਿ ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਸਬੰਧੀ ਕੈਨੇਡਾ ਵੱਲੋਂ ਲਾਏ ਦੋਸ਼ ‘ਗੰਭੀਰ’ ਹਨ। ਇਨ੍ਹਾਂ ਦੀ ਮੁਕੰਮਲ ਜਾਂਚ ਕੀਤੇ ਜਾਣ ਦੀ ਲੋੜ ਹੈ। ਵ੍ਹਾਈਟ ਹਾਊਸ ਵਿੱਚ ਨੈਸ਼ਨਲ ਸਕਿਓਰਿਟੀ ਕੌਂਸਲ ਵਿੱਚ ਰਣਨੀਤਕ ਸੰਚਾਰ ਬਾਰੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਇਹ ਮਸਲਾ ਉਨ੍ਹਾਂ ਨਾਲ ਵਿਚਾਰਿਆ ਸੀ।


ਕਿਰਬੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਇਸ ਮਸਲੇ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਅਸੀਂ ਯਕੀਨੀ ਤੌਰ ’ਤੇ ਇਹ ਮਸਲਾ ਦੋਵਾਂ ਮੁਲਕਾਂ ’ਤੇ ਛੱਡ ਦਿੱਤਾ ਹੈ ਕਿ ਉਹ ਦੁਵੱਲੇ ਰਿਸ਼ਤਿਆਂ ਬਾਰੇ ਗੱਲਬਾਤ ਕਰਨ।’’ ਕਿਰਬੀ ਨੇ ਕਿਹਾ, ‘‘ਅਸੀਂ ਸਪਸ਼ਟ ਹਾਂ ਕਿ ਇਹ ਦੋਸ਼ ਬਹੁਤ ਗੰਭੀਰ ਹਨ। ਇਨ੍ਹਾਂ ਦੀ ਮੁਕੰਮਲ ਜਾਂਚ ਦੀ ਲੋੜ ਹੈ ਤੇ ਅਸੀਂ ਜਿਵੇਂ ਪਹਿਲਾਂ ਕਹਿ ਚੁੱਕੇ ਹਾਂ… ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਜਾਂਚ ਵਿੱਚ ਸਰਗਰਮੀ ਨਾਲ ਸ਼ਾਮਲ ਹੋਵੇ।’’


ਇਹ ਵੀ ਪੜ੍ਹੋ: Viral News: 2 ਲੱਖ 'ਚ ਪਾਪਾ ਨੂੰ ਖਰੀਦ ਲਓ... 8 ਸਾਲ ਦੀ ਬੇਟੀ ਨੂੰ ਛੋਟੀ ਜਿਹੀ ਗੱਲ 'ਤੇ ਆਇਆ ਗੁੱਸਾ, ਲਗਾ ਦਿੱਤੀ ਪਿਤਾ ਦੀ ਬੋਲੀ


ਇਸ ਦੌਰਾਨ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ਦੀ ਜਾਂਚ ਦਾ ਅੱਗੇ ਵਧਣਾ ਤੇ ਜਾਰੀ ਰਹਿਣਾ ਅਹਿਮ ਹੈ ਤੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਇਆ ਜਾਵੇ। ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਸੰਸਦ ਵਿੱਚ ਦਾਅਵਾ ਕੀਤਾ ਸੀ ਕਿ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ। ਟਰੂਡੋ ਦੇ ਇਸ ਦਾਅਵੇ ਮਗਰੋਂ ਦੋਵਾਂ ਮੁਲਕਾਂ ਵਿੱਚ ਕੂਟਨੀਤਕ ਟਕਰਾਅ ਸਿਖਰ ’ਤੇ ਹੈ।


ਇਹ ਵੀ ਪੜ੍ਹੋ: Viral Video: ਸਿਰ 'ਤੇ ਫਰਿੱਜ ਲੈ ਕੇ ਸਾਈਕਲ ਚਲਾ ਰਿਹਾ ਵਿਅਕਤੀ, ਲੋਕਾਂ ਨੇ ਕਿਹਾ- ਅਸੰਭਵ ਨੂੰ ਸੰਭਵ ਕਰ ਦਿੱਤਾ!