United Kingdom: ਮੌਜੂਦਾ ਸਮੇਂ ਵਿੱਚ ਹਰ ਕੋਈ ਮੋਬਾਈਲ ਨੂੰ ਆਪਣੇ ਨਾਲ ਚਿਪਕਾ ਕੇ ਰੱਖਦਾ ਹੈ। ਲੋਕ ਮੋਬਾਈਲ 'ਤੇ ਇੰਨੇ ਨਿਰਭਰ ਹੋ ਗਏ ਹਨ ਕਿ ਉਹ ਆਪਣਾ ਜ਼ਿਆਦਾਤਰ ਕੰਮ ਫ਼ੋਨ ਤੋਂ ਹੀ ਕਰਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਆਦਤ ਕਾਰਨ ਲੋਕ ਇੱਕ ਮਿੰਟ ਲਈ ਵੀ ਆਪਣਾ ਫ਼ੋਨ ਆਪਣੇ ਤੋਂ ਵੱਖ ਨਹੀਂ ਕਰਦੇ। ਲੋਕ ਕੰਮ 'ਤੇ ਜਿੰਨੇ ਮਰਜ਼ੀ ਰੁੱਝੇ ਹੋਣ, ਉਹ ਥੋੜ੍ਹੀ ਦੇਰ ਬਾਅਦ ਆਪਣਾ ਫ਼ੋਨ ਚੈੱਕ ਕਰਨਾ ਨਹੀਂ ਭੁੱਲਦੇ। ਇਨ੍ਹੀਂ ਦਿਨੀਂ ਇੱਕ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਯੂਨਾਈਟਿਡ ਕਿੰਗਡਮ ਵਿੱਚ ਇੱਕ ਔਰਤ ਨੂੰ ਫੋਨ ਦੀ ਵਰਤੋਂ ਕਰਨ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ।


ਫੋਨ ਵਰਤਣ ਕਰਕੇ ਬਰਖਾਸਤ
ਇਹ ਔਰਤ ਯੂਕੇ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਕੰਮ ਦੌਰਾਨ ਫੋਨ ਦੀ ਵਰਤੋਂ ਕਰਦੇ ਪਾਏ ਜਾਣ 'ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਨਿਊਯਾਰਕ ਪੋਸਟ ਅਨੁਸਾਰ, ਔਰਤ ਨੂੰ ਮੈਨਚੈਸਟਰ ਦੇ ਇੱਕ ਰੈਸਟੋਰੈਂਟ ਵਿੱਚ ਆਪਣੀ ਨੌਕਰੀ ਗੁਆਉਣੀ ਪਈ। ਔਰਤ ਦਾ ਨਾਂ ਸੋਫੀ ਐਲਕੌਕ ਹੈ। ਉਸ ਨੇ ਆਪਣੇ ਬੌਸ ਵੱਲੋਂ ਨੌਕਰੀ ਤੋਂ ਕੱਢੇ ਜਾਣ ਦੀ ਵੀਡੀਓ ਵੀ ਬਣਾਈ ਸੀ। ਪੀੜਤ ਔਰਤ ਮੁਤਾਬਕ ਉਸ ਨੂੰ ਨੌਕਰੀ ਤੋਂ ਕੱਢਣ ਦਾ ਤਰੀਕਾ ਪੂਰੀ ਤਰ੍ਹਾਂ ਗੈਰ-ਪ੍ਰੋਫੈਸ਼ਨਲ ਸੀ।


ਸੋਫੀ ਅਨੁਸਾਰ, ਉਸ ਨੇ ਆਪਣੇ ਤੇ ਬੌਸ ਦੇ ਵਿਚਕਾਰ ਹੋਈ ਬਹਿਸ ਨੂੰ ਵੀ ਰਿਕਾਰਡ ਕੀਤਾ। ਇਸ ਦੌਰਾਨ ਉਸ ਦੇ ਬੌਸ ਨੇ ਕਿਹਾ ਕਿ ਉਹ ਚਾਰ ਘੰਟਿਆਂ ਤੋਂ ਫ਼ੋਨ ਦੀ ਵਰਤੋਂ ਕਰ ਰਹੀ ਸੀ। ਇਸ ਤੋਂ ਬਾਅਦ ਸੋਫੀ ਨੇ ਆਪਣੇ ਫੋਨ 'ਤੇ ਸਕਰੀਨ ਟਾਈਮ ਖੋਲ੍ਹਿਆ, ਜਿਸ 'ਚ ਉਸ ਨੇ ਦਾਅਵਾ ਕੀਤਾ ਕਿ ਉਸ ਦਿਨ ਫੋਨ ਸਿਰਫ 2 ਘੰਟੇ 40 ਮਿੰਟ ਲਈ ਵਰਤਿਆ ਗਿਆ ਸੀ।


ਸੋਫੀ ਨੇ ਬੌਸ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਸੋਫੀ ਨੇ ਆਪਣੇ ਬੌਸ ਨੂੰ ਦੱਸਿਆ ਕਿ ਉਹ ਜੋ ਵੀ ਸਮਾਂ ਫੋਨ ਦੀ ਵਰਤੋਂ ਕਰਦੀ ਹੈ, ਉਹ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਇਸ ਦੇ ਖਤਮ ਹੋਣ ਤੋਂ ਬਾਅਦ ਸੀ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਉਸ ਨੇ ਆਪਣਾ ਫੋਨ ਨਾ ਵਰਤਿਆ ਹੁੰਦਾ, ਤਾਂ ਕੋਈ ਆਰਡਰ ਵੀ ਪ੍ਰਾਪਤ ਨਹੀਂ ਹੁੰਦਾ। ਅਜਿਹੀਆਂ ਖ਼ਬਰਾਂ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ। ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਯੂਜ਼ਰਸ 'ਚ ਵੱਖਰੀ ਬਹਿਸ ਛਿੜ ਗਈ।