ਸੰਯੁਕਤ ਅਰਬ ਅਮੀਰਾਤ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਬੀਤੇ ਮੰਗਲਵਾਰ ਨੂੰ ਤਿਰੰਗੇ ਦੇ ਰੰਗਾਂ ਨਾਲ ਜਗਮਗਾ ਗਈ। ਇਮਾਰਤ 'ਤੇ 'ਹਰ ਘਰ ਤਿਰੰਗਾ' ਅਤੇ 'ਜੈ ਹਿੰਦ' ਵੀ ਪ੍ਰਦਰਸ਼ਿਤ ਕੀਤੇ ਗਏ ਸਨ।

Continues below advertisement


ਇਸ ਤੋਂ ਇਲਾਵਾ 'ਭਾਰਤ ਮਾਤਾ ਨੂੰ 77ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ' ਅਤੇ 'ਭਾਰਤ ਅਤੇ ਯੂ.ਏ.ਈ ਦੀ ਦੋਸਤੀ ਜ਼ਿੰਦਾਬਾਦ' ਵੀ ਦੇਖਣ ਨੂੰ ਮਿਲੀ। ਉਧਰ ਦੂਜੇ ਪਾਸੇ ਦਿੱਲੀ ਵਿੱਚ ਰਾਸ਼ਟਰਪਤੀ ਭਵਨ, ਉੱਤਰੀ-ਦੱਖਣੀ ਬਲਾਕ ਅਤੇ ਪੁਰਾਣੀ ਸੰਸਦ ਨੂੰ ਵੀ ਰੰਗਾਂ ਨਾਲ ਰੁਸ਼ਨਾਇਆ ਗਿਆ।


ਦੱਸ ਦਈਏ ਕਿ ਬੁਰਜ ਖਲੀਫਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਸ਼ਟਰੀ ਗੀਤ ਦੀ ਧੁਨ 'ਤੇ ਤਿਰੰਗਾ ਲਹਿਰਾਏ ਜਾਣ ਦਾ ਵੀਡੀਓ ਪੋਸਟ ਕੀਤਾ ਹੈ। ਇਸ ਦੇ ਨਾਲ ਲਿਖਿਆ- ਬੁਰਜ ਖਲੀਫਾ ਅੱਜ ਭਾਰਤ ਦਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਭਾਰਤ ਦੇ ਲੋਕਾਂ ਨੂੰ ਜਸ਼ਨ ਅਤੇ ਮਾਣ ਨਾਲ ਭਰੇ ਦਿਨ ਦੀ ਕਾਮਨਾ ਕਰਦਾ ਹੈ। ਤੁਸੀਂ ਆਪਣੇ ਦੇਸ਼ ਦੇ ਅਮੀਰ ਇਤਿਹਾਸ ਅਤੇ ਵਿਭਿੰਨ ਸੰਸਕ੍ਰਿਤੀ ਦਾ ਜਸ਼ਨ ਮਨਾ ਰਹੇ ਹੋ। ਭਾਰਤ ਇਸੇ ਤਰ੍ਹਾਂ ਤਰੱਕੀ, ਏਕਤਾ ਅਤੇ ਖੁਸ਼ਹਾਲੀ ਨਾਲ ਚਮਕਦਾ ਰਹੇ।


ਦਰਅਸਲ ਜਦੋਂ ਵੀ ਕਿਸੇ ਦੇਸ਼ ਦਾ ਸੁਤੰਤਰਤਾ ਦਿਵਸ ਹੁੰਦਾ ਹੈ ਤਾਂ ਬੁਰਜ ਖਲੀਫਾ ਦੀ ਇਮਾਰਤ ਉਸ ਦੇਸ਼ ਦੇ ਝੰਡੇ ਨਾਲ ਰੌਸ਼ਨ ਹੁੰਦੀ ਹੈ। ਦੁਬਈ 'ਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਬੁਰਜ ਖਲੀਫਾ ਦੀ ਇਮਾਰਤ 'ਤੇ ਉਨ੍ਹਾਂ ਦੇ ਦੇਸ਼ ਦਾ ਝੰਡਾ ਚਮਕੇਗਾ। ਹਾਲਾਂਕਿ, ਦੁਬਈ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਬੁਰਜ ਖਲੀਫਾ ਇਮਾਰਤ ਨੇੜੇ ਵੱਡੀ ਗਿਣਤੀ 'ਚ ਪਾਕਿਸਤਾਨੀ ਮੂਲ ਦੇ ਲੋਕ ਇਕੱਠੇ ਹੋਏ ਸਨ। ਬੁਰਜ ਖਲੀਫਾ 'ਤੇ ਲੋਕ ਆਪਣੇ ਰਾਸ਼ਟਰੀ ਝੰਡੇ ਨੂੰ ਦੇਖਣ ਲਈ ਘੰਟਿਆਂਬੱਧੀ ਖੜ੍ਹੇ ਰਹੇ। ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਝੰਡਾ ਨਾ ਲਹਿਰਾਉਣ ਤੋਂ ਬਾਅਦ ਇੱਥੇ ਮੌਜੂਦ ਸੈਂਕੜੇ ਲੋਕ ਗੁੱਸੇ 'ਚ ਆ ਗਏ ਅਤੇ ਆਪਣੇ ਦੇਸ਼ ਦੇ ਸਮਰਥਨ 'ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ।


 ਪਾਕਿਸਤਾਨ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਦੱਖਣੀ ਕੋਰੀਆ 15 ਅਗਸਤ ਨੂੰ ਆਪਣਾ ਰਾਸ਼ਟਰੀ ਮੁਕਤੀ ਦਿਵਸ ਮਨਾਉਂਦਾ ਹੈ।