ਲੰਡਨ: ਯੂਕੇ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਸੱਤ ਜੂਨ ਨੂੰ ਆਪਣਾ ਅਹੁਦਾ ਤਿਆਗ ਦੇਣਗੇ। ਕੰਜ਼ਰਵੇਟਿਵ ਆਗੂ ਦੇ ਇਸ ਐਲਾਨ ਦੇ ਨਾਲ ਹੀ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਯੂਕੇ 'ਚੋਂ ਯੂਰੋਪੀਅਨ ਯੂਨੀਅਨ ਦੇ ਵੱਖ ਹੋਣ ਲਈ ਬਦਲੀ ਹੋਈ ਰਣਨੀਤੀ ਬਾਰੇ ਆਪਣੀਆਂ ਯੋਜਨਾਵਾਂ ’ਤੇ ਮੰਤਰੀਆਂ ਨੂੰ ਨਾਲ ਲੈ ਕੇ ਚੱਲਣ ’ਚ ਨਾਕਾਮ ਰਹਿਣ ਮਗਰੋਂ ਉਨ੍ਹਾਂ ਇਹ ਕਦਮ ਚੁੱਕਿਆ ਹੈ। ਜੂਨ ਦੀ ਸ਼ੁਰੂਆਤ ’ਚ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਦੌਰੇ ਦੌਰਾਨ ਥੇਰੇਸਾ ਮੇਅ ਆਪਣੇ ਅਹੁਦੇ ’ਤੇ ਬਣੀ ਰਹੇਗੀ ਅਤੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਜੁਲਾਈ ਦੇ ਅੰਤ ਤਕ ਅਹੁਦਾ ਸੰਭਾਲਣ ਦੀ ਉਮੀਦ ਹੈ। ਆਪਣੇ ਅਸਤੀਫ਼ੇ ਦੇ ਐਲਾਨ ਸਮੇਂ ਮੇਅ ਨੇ ਕਿਹਾ, ‘ਸਾਡੀ ਰਾਜਨੀਤੀ ਭਾਵੇਂ ਤਣਾਅਪੂਰਨ ਰਹੀ ਹੋਵੇ ਪਰ ਇਸ ਦੇਸ਼ ਬਾਰੇ ਕਾਫੀ ਕੁਝ ਚੰਗਾ ਹੈ। ਕਾਫੀ ਕੁਝ ਮਾਣ ਕਰਨ ਲਾਇਕ ਹੈ। ਕਈ ਚੀਜ਼ਾਂ ਆਸ਼ਾਵਾਦੀ ਹੋਣ ਲਈ ਹਨ।’ ਮੇਅ ਨੇ ਕਿਹਾ ਕਿ ਦੇਸ਼ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਕੰਮ ਕਰਨਾ ਉਸ ਲਈ ਲਾਜ਼ਮੀ ਤੌਰ ’ਤੇ ਜ਼ਿੰਦਗੀ ਭਰ ਲਈ ਇੱਕ ਸਨਮਾਨ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਨਾਲ ਕੋਈ ਪਿਆਰ ਕਰਦਾ ਹੈ ਤਾਂ ਉੱਥੋਂ ਦੇ ਲੋਕਾਂ ਦੀ ਸੇਵਾ ਕਰਨਾ ਸਨਮਾਨ ਵਾਲੀ ਗੱਲ ਹੈ। ਥੇਰੇਸਾ ਮੇਅ ਨੇ ਕਿਹਾ ਕਿ ਉਨ੍ਹਾਂ ਰਾਣੀ ਐਲਿਜ਼ਾਬੈਥ-2 ਨੂੰ ਆਪਣੇ ਅਸਤੀਫ਼ੇ ਦੀ ਜਾਣਕਾਰੀ ਭੇਜ ਦਿੱਤੀ ਹੈ।