ਮੈਲਬਰਨ: ਆਸਟ੍ਰੇਲੀਆ ਤੋਂ ਬੁਰੀ ਖ਼ਬਰ ਆਈ ਹੈ। ਉੱਥੇ ਪੰਜਾਬੀ ਪਰਿਵਾਰ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਜਿਸ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਪਰਿਵਾਰ ਸਮਾਣਾ ਉਪ ਮੰਡਲ ਦੇ ਪਿੰਡ ਨਮਾਦਾ ਦਾ ਰਹਿਣ ਵਾਲਾ ਹੈ। ਹਾਦਸੇ ਵਿੱਚ ਇਸ਼ਪ੍ਰੀਤ ਸਿੰਘ (16) ਤੇ ਉਸ ਦੇ ਆਸਟਰੇਲੀਆ ਰਹਿੰਦੇ ਚਾਚਾ-ਚਾਚੀ ਦੀ ਮੈਲਬਰਨ ਦੇ ਡੈਂਡੀਨੌਂਗ ਖੇਤਰ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਇਸ਼ਪ੍ਰੀਤ ਸਿੰਘ ਦੋ ਹਫ਼ਤੇ ਪਹਿਲਾਂ ਹੀ ਆਪਣੀ ਮਾਂ ਗੁਰਮੀਤ ਕੌਰ ਨਾਲ ਆਸਟਰੇਲੀਆ ਗਿਆ ਸੀ।


ਇਸ਼ਪ੍ਰੀਤ ਸਿੰਘ 11ਵੀਂ ਪਾਸ ਕਰਕੇ ਬੀਤੀ 16 ਫਰਵਰੀ ਨੂੰ ਆਪਣੀ ਮਾਂ ਨਾਲ ਆਸਟਰੇਲੀਆ ਆਪਣੇ ਚਾਚਾ-ਚਾਚੀ ਕੋਲ ਗਿਆ ਸੀ। ਇਸ਼ਪ੍ਰੀਤ ਸਿੰਘ ਦਾ ਚਾਚਾ ਸਵਰਨਜੀਤ ਸਿੰਘ ਪਿਛਲੇ 16 ਸਾਲਾਂ ਤੋਂ ਆਸਟਰੇਲੀਆ ਰਹਿ ਰਿਹਾ ਸੀ। ਉੱਥੇ ਡਰਾਈਵਰੀ ਕਰਦਾ ਸੀ ਜਦਕਿ ਉਸ ਦੀ ਚਾਚੀ ਅਮਨਦੀਪ ਕੌਰ ਬਿਰਧ ਸੰਭਾਲ ਕੇਂਦਰ ਵਿੱਚ ਕੰਮ ਕਰਦੀ ਸੀ।

ਬੀਤੀ 8 ਮਾਰਚ ਨੂੰ ਛੁੱਟੀ ਹੋਣ ਕਾਰਨ ਸਵਰਨਜੀਤ ਸਿੰਘ (34), ਉਸ ਦੀ ਪਤਨੀ ਅਮਨਦੀਪ ਕੌਰ, ਉਨ੍ਹਾਂ ਦਾ ਸਾਢੇ ਚਾਰ ਸਾਲਾਂ ਬੱਚਾ ਸਹਿਜ, ਇਸ਼ਪ੍ਰੀਤ ਸਿੰਘ ਤੇ ਉਸ ਦੀ ਮਾਂ ਗੁਰਮੀਤ ਕੌਰ ਮੈਲਬਰਨ ਨੇੜਲੇ ਕਿਸੇ ਪਹਾੜੀ ਇਲਾਕੇ ਵਿੱਚ ਘੁੰਮਣ ਗਏ। ਵਾਪਸੀ ’ਤੇ ਰਸਤੇ ਵਿੱਚ ਸੜਕ ਕਿਨਾਰੇ ਖੜ੍ਹਾ ਇੱਕ ਦਰੱਖ਼ਤ ਉਨ੍ਹਾਂ ਦੀ ਕਾਰ ’ਤੇ ਆ ਡਿੱਗਾ। ਇਸ ਕਾਰਨ ਸਵਰਨਜੀਤ ਸਿੰਘ, ਅਮਨਦੀਪ ਕੌਰ ਤੇ ਇਸ਼ਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਹਿਜ ਤੇ ਗੁਰਮੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ ਜੋ ਉੱਥੇ ਇਲਾਜ ਅਧੀਨ ਹਨ।