ਲਾਹੌਰ: ਪਾਕਿਸਤਾਨ ਸਰਕਾਰ ਨੇ ਦੂਜੀ ਵਾਰ ਚੀਨੀ ਐਪ ‘ਟਿਕ-ਟੌਕ’ ਉੱਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਪੇਸ਼ਾਵਰ ਦੀ ਇੱਕ ਅਦਾਲਤ ਨੇ ਦੂਜੀ ਵਾਰ ਚੀਨੀ ਵੀਡੀਓ ਸ਼ੇਅਰਿੰਗ ਐਪ ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਸ ਦੇ ਨਾਲ ਹੀ ਅਸ਼ਲੀਲ ਕੰਟੈਂਟ ਨਾ ਵਿਖਾਉਣ ਦੀ ਚੇਤਾਵਨੀ ਵੀ ਦਿੱਤੀ ਹੈ।

 
ਹੁਣ ਪਾਕਿਸਤਾਨ ਦੀ ਜਨਤਾ ਟਿਕ-ਟੌਕ ਉੱਤੇ ਆਪਣੀਆਂ ਮਨਪਸੰਦ ਵਿਡੀਓਜ਼ ਬਣਾ ਕੇ ਆਨੰਦ ਮਾਣ ਸਕੇਗੀ। ਪਿਛਲੇ ਵਰ੍ਹੇ ਅਕਤੂਬਰ ’ਚ ਪਾਕਿਸਤਾਨ ਸਰਕਾਰ ਨੇ ਇਸ ਸੋਸ਼ਲ ਮੀਡੀਆ ਐਪ ਉੱਤੇ ਪਾਬੰਦੀ ਲਾ ਦਿੱਤੀ ਸੀ।

 
ਪਾਕਿਸਤਾਨ ਸਰਕਾਰ ਮੁਤਾਬਕ ਟਿਕ-ਟੌਕ ਰਾਹੀਂ ਬਣਨ ਵਾਲਾ ਅਸ਼ਲੀਲ ਕੰਟੈਂਟ ਦੇਸ਼ ਦੀਆਂ ਨੈਤਿਕ ਕਦਰਾਂ-ਕੀਮਤਾਂ ਉੱਤੇ ਮਾੜਾ ਅਸਰ ਪਾ ਰਿਹਾ ਸੀ। ਇਸੇ ਲਈ ਚੀਨੀ ਐਪ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਦਾਲਤੀ ਸੁਣਵਾਈ ਦੌਰਾਨ ਏਜੰਸੀ ਦੇ ਸੀਨੀਅਰ ਅਧਿਕਾਰੀ ਤਾਰਿਕ ਗੰਡਾਪੁਰ ਨੇ ਕਿਹਾ ਕ ਵਲਗਰ ਕੰਟੈਂਟ ਸ਼ੇਅਰ ਹੋਣ ਤੋਂ ਰੋਕਣ ਲਈ ਇਸ ਉੱਤੇ ਬੈਨ ਲਾਇਆ ਸੀ।

 

ਇਸ ਚੀਨੀ ਐਪ ਨੂੰ ਪਾਕਿਸਤਾਨ ਦੀ ਜਨਤਾ ਨੇ ਲਗਭਗ 3 ਕਰੋੜ 90 ਲੱਖ ਵਾਰ ਡਾਊਨਲੋਡ ਕੀਤਾ ਹੈ। ਐਪ ਕੰਪਨੀ ਨੇ ਹੁਣ ਭਰੋਸਾ ਦਿਵਾਇਆ ਹੈ ਕਿ ਹੁਣ ਇਸ ਉੱਤੇ ਕੋਈ ਇਤਰਾਜ਼ਯੋਗ ਸਮੱਗਰੀ ਵੇਖਣ ਨੂੰ ਨਹੀਂ ਮਿਲੇਗੀ।

 

ਟਿਕ-ਟੌਕ ਨੂੰ ਪਾਕਿਸਤਾਨ ’ਚ ਨੌਜਵਾਨਾਂ ਤੋਂ ਇਲਾਵਾ ਪਿੰਡਾਂ ਦੇ ਵਾਸੀ ਵੀ ਬਹੁਤ ਪਸੰਦ ਕਰਦੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰਾਂ ਵਿੱਚੋਂ ਇੱਕ ਨੇ ਇਸ ਐਪ ਉੱਤੇ ਵਿਖਾਈ ਜਾਣ ਵਾਲੀ ਸਮੱਗਰੀ ਨੂੰ ਲੜਕੀਆਂ ਨਾਲ ਹੋਣ ਵਾਲੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਲਈ ਦੋਸ਼ੀ ਮੰਨਿਆ ਹੈ।

 

ਪਾਕਿਸਤਾਨ ਦੀ ਜਨਤਾ ਨੇ ਦੂਜੀ ਵਾਰ ਟਿਕ-ਟੌਕ ਦਾ ਸੁਆਗਤ ਕੀਤਾ ਹੈ। ਲੋਕਾਂ ਵਿੱਚ ਪਾਬੰਦੀ ਹਟਣ ਕਾਰਣ ਕਾਫ਼ੀ ਖ਼ੁਸ਼ੀ ਤੇ ਉਤਸ਼ਾਹ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ 'ਚ ਹਾਲੇ ਵੀ 'ਟਿਕ-ਟੌਕ' ਉੱਤੇ ਮੁਕੰਮਲ ਪਾਬੰਦੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ