ਚੰਡੀਗੜ੍ਹ: ਆਸਟ੍ਰੇਲੀਆ ਤੋਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖਣ ਬਾਅਦ ਲੋਕ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਦਰਅਸਲ ਉੱਤਰੀ ਆਸਟ੍ਰੇਲੀਆ ਵਿੱਚ ਭਾਰੀ ਤੂਫ਼ਾਨ ਦੌਰਾਨ ਇੱਕ ਅਜਗਰ ਦੀ ਪਿੱਠ ’ਤੇ ਕਈ ਡੱਡੂ ਸਵਾਰੀ ਕਰਦੇ ਨਜ਼ਰ ਆਏ। ਕੁਝ ਲੋਕਾਂ ਇਸ ਨੂੰ ਕੁਦਰਤੀ ਤੌਰ ’ਤੇ ਪਰਸਪਰ ਵਰੋਧੀਆਂ ਦੇ ਸੰਗਮ ਦੀ ਤਸਵੀਰ ਕਹਿ ਰਹੇ ਹਨ ਤੇ ਕਈ ਇਸ ਨੂੰ ਡਰਾਵਨੀ ਤਸਵੀਰ ਕਰਾਰ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਤੂਫ਼ਾਨ ਤੋਂ ਪਾਰ ਹੋਣ ਲਈ ਡੱਡੂਆਂ ਨੇ ਅਜਗਰ ਦੀ ਸਵਾਰੀ ਦਾ ਸਹਾਰਾ ਲਿਆ ਸੀ। ਜਦੋਂ ਤੂਫ਼ਾਨ ਆਇਆ ਤਾਂ ਇਹ ਸੱਪ ਕਿਸੇ ਪਰਿਵਾਰ ਦੇ ਬਗੀਚੇ ਵਿੱਚ ਸੀ ਤੇ ਉੱਚੀ ਥਾਂ ਭਾਲ ਰਿਹਾ ਸੀ। ਇਸੇ ਦੌਰਾਨ ਵਧਦੇ ਪਾਣੀ ਤੋਂ ਭੱਜਦੇ ਇਸ ਸੱਪ ਦੀ ਪਿੱਠ ’ਤੇ ਕਈ ਡੱਡੂ ਸਵਾਰ ਬੈਠੇ ਨਜ਼ਰ ਆਏ ਜਿਨ੍ਹਾਂ ਨੂੰ ਇਹ ਤੇਜ਼ੀ ਨਾਲ ਆਪਣੇ ਨਾਲ ਲੈ ਕੇ ਜਾ ਰਿਹਾ ਸੀ।


ਇਸ ਵੀਡੀਓ ਨੂੰ ਬਣਾਉਣ ਵਾਲੇ ਦੇ ਭਰਾ ਐਂਡ੍ਰਿਊ ਮਾਕ ਨੇ ਇਸ ਨੂੰ ਟਵਿੱਟਰ ’ਤੇ ਸਾਂਝਾ ਕੀਤਾ ਹੈ। ਪੇਸ਼ੇ ਤੋਂ ਪੱਤਰਕਾਰ ਰਹਿ ਚੁੱਕੇ ਐਂਡ੍ਰਿਊ ਨੇ ਜਾਣਕਾਰੀ ਦਿੱਤੀ ਕੇ ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਉਸ ਦੇ ਭਰਾ ਦੇ ਘਰ ਕਾਫ਼ੀ ਡੱਡੂ ਆ ਗਏ ਸੀ। ਉਨ੍ਹਾਂ ’ਚੋਂ ਕੁਝ ਤਾਂ ਉੱਥੋਂ ਨਿਕਲ ਕੇ ਚਲੇ ਗਏ ਪਰ ਕੁਝ ਨੇ ਉੱਥੋਂ ਨਿਕਲਣ ਲਈ ਅਜਗਰ ਦੀ ਸਵਾਰੀ ਦਾ ਸਹਾਰਾ ਲਿਆ।