Canada Politics: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਆਮ ਚੋਣਾਂ ਨਹੀਂ ਲੜਨਗੇ। ਕੈਨੇਡਾ ਵਿੱਚ ਆਮ ਚੋਣਾਂ ਇਸ ਸਾਲ ਅਕਤੂਬਰ ਵਿੱਚ ਹੋਣੀਆਂ ਹਨ ਪਰ ਇਹ ਨਿਰਧਾਰਤ ਸਮੇਂ ਤੋਂ ਪਹਿਲਾਂ ਵੀ ਹੋ ਸਕਦੀਆਂ ਹਨ। 


ਟਰੂਡੋ ਨੇ ਬੁੱਧਵਾਰ ਨੂੰ ਓਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ਮੈਂ ਆਉਣ ਵਾਲੀਆਂ ਚੋਣਾਂ ਵਿੱਚ ਨਹੀਂ ਲੜਾਂਗਾ। ਇਹ ਮੇਰਾ ਆਪਣਾ ਫੈਸਲਾ ਹੈ, ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੂਡੋ ਕੈਨੇਡੀਅਨ ਸੂਬਿਆਂ ਦੇ ਮੁਖੀਆਂ ਨਾਲ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਾਲਮੇਲ ਸਥਾਪਤ ਕਰਨ ਦੀ ਰਣਨੀਤੀ 'ਤੇ ਚਰਚਾ ਕਰ ਰਹੇ ਹਨ।



53 ਸਾਲਾ ਟਰੂਡੋ ਨੇ ਆਪਣੇ ਰਾਜਨੀਤਿਕ ਭਵਿੱਖ ਬਾਰੇ ਅਨਿਸ਼ਚਿਤਤਾ ਜ਼ਾਹਰ ਕੀਤੀ ਅਤੇ ਕਿਹਾ, "ਮੈਂ ਭਵਿੱਖ ਵਿੱਚ ਕੀ ਕਰਾਂਗਾ ਇਸ ਬਾਰੇ ਬਹੁਤਾ ਨਹੀਂ ਸੋਚਿਆ ਹੈ। ਇਸ ਵੇਲੇ ਮੈਂ ਉਸ ਕੰਮ 'ਤੇ ਕੇਂਦ੍ਰਿਤ ਹਾਂ ਜਿਸ ਲਈ ਕੈਨੇਡੀਅਨਾਂ ਨੇ ਵੋਟ ਦਿੱਤੀ ਸੀ।" 


ਜ਼ਿਕਰ ਕਰ ਦਈਏ ਕਿ ਜਸਟਿਨ ਟਰੂਡੋ ਪਹਿਲੀ ਵਾਰ 2008 ਵਿੱਚ ਕਿਊਬਿਕ ਦੇ ਪੈਪੀਨੋ ਹਲਕੇ ਤੋਂ ਚੁਣੇ ਗਏ ਸਨ ਫਿਰ ਉਸਨੇ 2015 ਵਿੱਚ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ, ਜਿਸ ਵਿੱਚ ਉਸਦੀ ਲਿਬਰਲ ਪਾਰਟੀ ਨੇ 338 ਵਿੱਚੋਂ 184 ਸੀਟਾਂ ਜਿੱਤੀਆਂ। ਹਾਲਾਂਕਿ ਉਹ 2019 ਤੇ 2021 ਦੀਆਂ ਚੋਣਾਂ ਵਿੱਚ ਬਹੁਮਤ ਹਾਸਲ ਨਹੀਂ ਕਰ ਸਕਿਆ।


6 ਜਨਵਰੀ ਨੂੰ ਟਰੂਡੋ ਨੇ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦੇ ਨਵੇਂ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਪਾਰਟੀ ਦੀ ਲੀਡਰਸ਼ਿਪ ਦੀ ਚੋਣ 9 ਮਾਰਚ ਨੂੰ ਖਤਮ ਹੋਵੇਗੀ ਤੇ ਨਵੇਂ ਨੇਤਾ ਦੀ ਚੋਣ ਦੇ ਨਾਲ ਟਰੂਡੋ ਦੀ ਜਗ੍ਹਾ ਕੋਈ ਹੋਰ ਪ੍ਰਧਾਨ ਮੰਤਰੀ ਲੈ ਲਵੇਗਾ।



2024 ਦੇ ਅੰਤ ਤੱਕ ਟਰੂਡੋ ਨੂੰ ਪਾਰਟੀ ਦੇ ਅੰਦਰ ਵਧਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 16 ਦਸੰਬਰ ਨੂੰ ਵਿੱਤ ਮੰਤਰੀ ਵਜੋਂ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਨੇ ਪਾਰਟੀ ਵਿੱਚ ਅਸਥਿਰਤਾ ਨੂੰ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਲਗਭਗ 100 ਸੰਸਦ ਮੈਂਬਰਾਂ ਨੇ ਟਰੂਡੋ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਅਖੀਰ ਟਰੂਡੋ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕਰਨਾ ਪਿਆ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।