ਮਿਸੀਸਾਗਾ: ਕੈਨੇਡਾ 'ਚ ਇਨੀਂ ਦਿਨੀਂ ਫੈਡਰਲ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸਾਰੀਆਂ ਸਿਆਸੀ ਪਰਾਟੀਆਂ ਵਧ ਚੜ੍ਹ ਕੇ ਚੋਣ ਪ੍ਰਚਾਰ ਕਰ ਰਹੀਆਂ ਹਨ। ਮੁੱਖ ਮੁਕਾਬਲਾ ਲਿਬਰਲ, ਐਨਡੀਪੀ ਤੇ ਕੰਜ਼ਰਵੇਟਿਵ ਵਿਚਾਲੇ ਮੰਨਿਆ ਜਾ ਰਿਹਾ ਹੈ। ਇਸੇ ਦਰਮਿਆਨ ਜਸਟਿਨ ਟਰੂਡੋ ਦਾ ਚੋਣ ਪ੍ਰਚਾਰ ਦੌਰਾਨ ਬੁਲੇਟ ਪਰੂਫ਼ ਜੈਕੇਟ ਪਾਉਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


 


ਦਰਅਸਲ ਲਿਬਰਲ ਪਾਰਟੀ ਦੇ ਪੀਐਮ ਅਹੁਦੇ ਦੇ ਉਮੀਦਵਾਰ ਜਸਟਿਨ ਟਰੂਡੋ ਨੇ ਸਕਿਉਰਟੀ ਥਰੈਟ ਦੇ ਚੱਲਦਿਆਂ ਸ਼ਨੀਵਾਰ ਮਿਸੀਸਾਗਾ 'ਚ ਕਰੀਬ 2000 ਸਮਰਥਕਾਂ ਦੀ ਰੈਲੀ ਨੂੰ ਸੋਬੰਧਨ ਕਰਦਿਆਂ ਬੁਲਿਟ ਪਰੂਫ਼ ਜੈਕੇਟ ਪਹਿਨੀ ਸੀ। ਇਸ ਦੌਰਾਨ ਟਰੂਡੋ ਦੇ ਇਰਦ ਗਿਰਦ ਵੀ ਹਾਈ ਸਕਿਉਰਟੀ ਦਾ ਘੇਰਾ ਸੀ।



ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਇਸ ਰੈਲੀ ਲਈ ਕਰੀਬ ਡੇਢ ਘੰਟਾ ਲੇਟ ਹੋਏ ਤੇ ਜਿਵੇਂ ਹੀ ਉਹ ਸਟੇਜ 'ਤੇ ਆਏ, ਸਿਕਿਓਰਟੀ ਕਾਫੀ ਟਾਈਟ ਹੋ ਗਈ ਸੀ। ਚੋਣ ਮੁਹਿੰਮ ਦੌਰਾਨ ਕਿਸੇ ਤਰ੍ਹਾਂ ਦੀ ਅਹਿੰਸਾ ਨਾ ਹੋਵੇ, ਇਸੇ ਡਰ ਕਾਰਨ ਜਸਟਿਨ ਟਰੂਡੋ ਦੁਆਲੇ ਸੁਰੱਖਿਆ ਦਾ ਘੇਰਾ ਸਖ਼ਤ ਕੀਤਾ ਗਿਆ ਹੈ।


ਜਸਟਿਨ ਟਰੂਡੋ ਵੱਲੋਂ ਇਸ ਤਰ੍ਹਾਂ ਬੁਲਿਟ ਪਰੂਫ਼ ਜੈਕੇਟ ਪਾਉਣ 'ਤੇ ਉਨ੍ਹਾਂ ਦੇ ਵਿਰੋਧੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ। ਐਨਡੀਪੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਜਗਮੀਤ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਜਸਟਿਨ ਟਰੂਡੋ ਜਾਂ ਕਿਸੇ ਵੀ ਸਿਆਸੀ ਲੀਡਰ ਲਈ ਕੋਈ ਵੀ ਖਤਰਾ ਸਾਡੇ ਸਾਰਿਆਂ ਲਈ ਪਰੇਸ਼ਾਨੀ ਹੈ। ਇਸ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸਨੂੰ ਵੋਟ ਪਾਉਂਦੇ ਹੋ ਜਾਂ ਕਿਸ 'ਚ ਵਿਸ਼ਵਾਸ ਰੱਖਦੇ ਹੋ, ਪਰ ਕਿਸੇ ਨੂੰ ਵੀ ਖਤਰੇ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।



ਜਗਮੀਤ ਸਿੰਘ ਤੋਂ ਇਲਾਵਾ ਟਰੂਡੋ ਦੇ ਵਿਰੋਧੀ ਤੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡਰੀਊ ਸ਼ੀਅਰ ਨੇ ਵੀ ਇਸ ਗੱਲ 'ਤੇ ਫਿਕਰ ਜਤਾਉਂਦਿਆਂ ਟਵੀਟ ਕੀਤਾ ਹੈ। ਜਸਟਿਨ ਟਰੂਡੋ ਵੱਲੋਂ ਚੋਣ ਮੁਹਿੰਮ ਦੌਰਾਨ ਬੁਲਿਟ ਪਰੂਫ਼ ਜੈਕੇਟ ਪਾਉਣਾ ਕਾਫੀ ਪਰੇਸ਼ਾਨ ਕਰਨ ਵਾਲਾ ਮਸਲਾ ਹੈ। ਸਿਆਸੀ ਲੀਡਰਾਂ ਨੂੰ ਖਤਰੇ ਦੀ ਸਾਡੇ ਲੋਕਤੰਤਰ 'ਚ ਕੋਈ ਥਾਂ ਨਹੀਂ ਹੈ।