ਡੇਨਾਂਗ : ਐਲਾਨੇ ਪ੍ਰੋਗਰਾਮ ਤੋਂ ਅਲੱਗ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਕ ਵਾਰੀ ਫਿਰ ਮਿਲ ਕੇ ਬੈਠੇ। ਦੋਨਾਂ ਦਰਮਿਆਨ ਇਸ ਤਰ੍ਹਾਂ ਦੀ ਅਣਐਲਾਨੀ ਮੁਲਾਕਾਤ ਜਰਮਨੀ ਦੇ ਬਾਅਦ ਦੂਜੀ ਵਾਰੀ ਵੀਅਤਨਾਮ 'ਚ ਹੋਈ। ਦੋਨੋਂ ਨੇਤਾਵਾਂ ਨੇ ਸੀਰੀਆ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਖ਼ਾਤਮੇ ਦਾ ਸੰਕਲਪ ਲਿਆ। ਰੂਸੀ ਰਾਸ਼ਟਰਪਤੀ ਦੇ ਯੈਮਲਿਨ ਦਫ਼ਤਰ ਨੇ ਮੁਲਾਕਾਤ ਦੇ ਸਬੰਧ ਵਿਚ ਬਿਆਨ ਜਾਰੀ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਦੇ ਵ੍ਹਾਈਟ ਹਾਊਸ ਦਫ਼ਤਰ ਨੇ ਇਸ 'ਤੇ ਫਿਲਹਾਲ ਪ੍ਰਤੀਯਮ ਨਹੀਂ ਪ੍ਰਗਟਾਇਆ। ਦੋਨੋਂ ਨੇਤਾ ਏਸ਼ੀਆ ਪ੍ਰਸ਼ਾਂਤ ਖੇਤਰੀ ਦੇਸ਼ਾਂ ਦੀ ਆਰਥਿਕ ਸਹਿਯੋਗ ਪ੍ਰੀਸ਼ਦ ਦੀ ਬੈਠਕ 'ਚ ਹਿੱਸਾ ਲੈਣ ਲਈ ਵੀਅਤਨਾਮ ਆਏ ਹਨ। ਸੀਰੀਆ 'ਚ ਕਮਜ਼ੋਰ ਪੈਂਦੇ ਆਈਐੱਸ ਨੂੰ ਖ਼ਤਮ ਕਰਨ ਦੀ ਅਮਰੀਕਾ ਅਤੇ ਰੂਸ 'ਚ ਸਹਿਮਤੀ ਬਣ ਗਈ ਹੈ। ਇਹ ਗੱਲ ਯੈਮਲਿਨ ਨੇ ਕਹੀ ਹੈ। ਇਸ ਬਾਰੇ ਦੋਨੋਂ ਨੇਤਾਵਾਂ ਵੱਲੋਂ ਸਾਂਝਾ ਬਿਆਨ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਵਿਚਾਰ-ਵਟਾਂਦਰੇ ਨਾਲ ਜਾਰੀ ਕਰਨਗੇ। ਕ੍ਰੈਮਲਿਨ ਨੇ ਕਿਹਾ ਕਿ ਦੋਨੋਂ ਨੇਤਾ ਸੀਰੀਆ ਦੀ ਪ੍ਰਭੂਸੱਤਾ, ਆਜ਼ਾਦੀ ਅਤੇ ਖੇਤਰੀ ਸਥਿਰਤਾ ਬਰਕਰਾਰ ਰੱਖਣ 'ਤੇ ਸਹਿਮਤ ਹਨ। ਇਹ ਵੀ ਮੰਨਦੇ ਹਨ ਕਿ ਸਾਰੀਆਂ ਸਬੰਧਤ ਧਿਰਾਂ ਨੂੰ ਜਨੇਵਾ ਸਿਆਸੀ ਪ੍ਰਕਿਰਿਆ ਤਹਿਤ ਰੇੜਕਾ ਖ਼ਤਮ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ। ਦੋਨੋਂ ਦੇਸ਼ ਇਸ ਬਾਰੇ ਵੀ ਸਹਿਮਤ ਹਨ ਕਿ ਸੀਰੀਆ ਸੰਕਟ ਦਾ ਫ਼ੌਜੀ ਹੱਲ ਸੰਭਵ ਨਹੀਂ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਨੋਂ ਨੇਤਾਵਾਂ ਦਰਮਿਆਨ ਕੋਈ ਬੈਠਕ ਦੀ ਤਜਵੀਜ਼ ਨਹੀਂ ਸੀ। ਸ਼ੁੱਕਰਵਾਰ ਨੂੰ ਰਾਤ ਦੇ ਖਾਣੇ ਦੇ ਸਮੇਂ ਦੋਨੋਂ ਨੇਤਾ ਆਹਮੋ ਸਾਹਮਣੇ ਹੋਏ। ਇਸ ਦੌਰਾਨ ਦੋਨਾਂ ਨੇ ਹੱਥ ਮਿਲਾ ਕੇ ਕੁਝ ਮਿੰਟ ਗੱਲ ਕੀਤੀ। ਟੈਲੀਵਿਜ਼ਨ ਫੁਟੇਜ 'ਚ ਟਰੰਪ ਅਤੇ ਪੁਤਿਨ ਮੰਚ 'ਤੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਫੁਟੇਜ ਉਸ ਸਮੇਂ ਦਾ ਹੈ ਜਦੋਂ ਮੰਚ 'ਤੇ ਉਹ ਹੋਰਨਾਂ ਨੇਤਾਵਾਂ ਦੇ ਨਾਲ ਫੋਟੋ ਦੇਣ ਲਈ ਆਏ ਸਨ।