France President Emmanuel Macron: ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੀ ਦੁਨੀਆ ਅੰਦਰ ਹਾਹਾਕਾਰ ਮੱਚਾਈ ਹੋਈ ਹੈ। ਉਹ ਹਰ ਮੁਲਕ ਨੂੰ ਸ਼ਰੇਆਮ ਅੱਖਾਂ ਵਿਖਾ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਪੀਮੈਮ ਮੋਦੀ ਨੂੰ ਵੀ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਟੈਰਿਫ ਤਾਂ ਹਰ ਹਾਲਤ ਵਿੱਚ ਵਧਾਏ ਜਾਣਗੇ। ਹੁਣ ਪਹਿਲੀ ਵਾਰ ਟਰੰਪ ਨੂੰ ਬਰਾਬਰ ਦਾ ਲੀਡਰ ਟੱਕਰਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਅਮਰੀਕਾ ਜਾ ਕੇ ਟਰੰਪ ਨੂੰ ਖਰੀਆਂ-ਖਰੀਆਂ ਸੁਣਾਈਆਂ। ਮੈਕਰੋਨ ਨੇ ਮੀਡੀਆ ਦੇ ਸਾਹਮਣੇ ਹੀ ਟਰੰਪ ਦਾ ਹੱਥ ਫੜ੍ਹ ਰੋਕ ਦਿੱਤਾ ਤੇ ਕਿਹਾ ਕਿ ਐਵੇਂ ਗਲਤ ਗੱਲ ਨਾ ਬੋਲੋ। ਇਸ ਦੀ ਖੂਬ ਚਰਚਾ ਹੋ ਰਹੀ ਹੈ।
ਦਰਅਸਲ ਜਦੋਂ ਮੈਕਰੋਨ ਤੇ ਟਰੰਪ ਮੀਡੀਆ ਨਾਲ ਗੱਲ ਕਰ ਰਹੇ ਸਨ ਤਾਂ ਯੂਕਰੇਨ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਬਾਰੇ ਸਵਾਲ ਪੁੱਛਿਆ ਗਿਆ। ਇਸ 'ਤੇ ਟਰੰਪ ਨੇ ਦਾਅਵਾ ਕੀਤਾ ਕਿ ਯੂਰਪ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਵਿੱਤੀ ਸਹਾਇਤਾ ਕਰਜ਼ੇ ਦੇ ਰੂਪ ਵਿੱਚ ਦਿੱਤੀ ਗਈ ਸੀ। ਯੂਰਪ ਹੁਣ ਯੂਕਰੇਨ ਤੋਂ ਆਪਣੇ ਪੈਸੇ ਵਾਪਸ ਵੀ ਲੈ ਰਿਹਾ ਹੈ। ਇਸ 'ਤੇ ਫਰਾਂਸ ਦੇ ਰਾਸ਼ਟਰਪਤੀ ਨੇ ਟਰੰਪ ਦਾ ਹੱਥ ਫੜ ਕੇ ਉਨ੍ਹਾਂ ਨੂੰ ਰੋਕਿਆ ਦਿੱਤਾ। ਮੈਕਰੋਨ ਨੇ ਕਿਹਾ ਕਿ ਯੂਰਪ ਨੇ ਯੂਕਰੇਨ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਹੈ ਤੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਕੁੱਲ ਆਰਥਿਕ ਸਹਾਇਤਾ ਦਾ 60 ਪ੍ਰਤੀਸ਼ਤ ਯੂਰਪੀ ਦੇਸ਼ਾਂ ਨੇ ਦਿੱਤਾ ਹੈ।
ਮੈਕਰੋਨ ਨੇ ਦੋਸ਼ ਲਾਇਆ ਕਿ ਅਮਰੀਕਾ ਨੇ ਕਰਜ਼ੇ ਦੇ ਰੂਪ ਵਿੱਚ ਆਰਥਿਕ ਸਹਾਇਤਾ ਦਿੱਤੀ ਹੈ। ਮੈਕਰੋਨ ਨੇ ਕਿਹਾ ਹੈ ਕਿ ਯੂਕਰੇਨ ਲਈ ਤਿਆਰ ਕੀਤੇ ਜਾ ਰਹੇ ਸ਼ਾਂਤੀ ਪ੍ਰਸਤਾਵ ਵਿੱਚ ਯੂਕਰੇਨ ਲਈ ਸੁਰੱਖਿਆ ਗਾਰੰਟੀ ਹੋਣੀ ਚਾਹੀਦੀ ਹੈ। ਸ਼ਾਂਤੀ ਦਾ ਮਤਲਬ ਯੂਕਰੇਨ ਦਾ ਆਤਮ ਸਮਰਪਣ ਨਹੀਂ ਹੋਣਾ ਚਾਹੀਦਾ। ਮੈਕਰੋਨ ਨੇ ਕਿਹਾ ਕਿ ਬਿਨਾਂ ਗਰੰਟੀ ਦੇ ਜੰਗਬੰਦੀ ਦਾ ਕੋਈ ਅਰਥ ਨਹੀਂ। ਮੈਕਰੋਨ ਦੇ ਬੇਬਾਕੀ ਵੇਖ ਮੀਡੀਆ ਵੀ ਹੱਕਾ-ਬੱਕਾ ਰਹਿ ਗਿਆ।
ਦਰਅਸਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਰੂਸ-ਯੂਕਰੇਨ ਸ਼ਾਂਤੀ ਵਾਰਤਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਯੂਰਪੀ ਦੇਸ਼ਾਂ ਨਾਲ ਖੜ੍ਹੇ ਹੋਣ ਲਈ ਮਨਾਉਣ ਲਈ ਅਮਰੀਕਾ ਦਾ ਦੌਰਾ ਕੀਤਾ। ਬੇਸ਼ੱਕ ਇਸ ਦੌਰੇ ਵਿੱਚ ਉਨ੍ਹਾਂ ਨੂੰ ਅਜੇ ਤੱਕ ਟਰੰਪ ਪ੍ਰਸ਼ਾਸਨ ਤੋਂ ਕੋਈ ਠੋਸ ਭਰੋਸਾ ਨਹੀਂ ਮਿਲਿਆ ਪਰ ਉਨ੍ਹਾਂ ਨੇ ਟਰੰਪ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬਹੁਤ ਕੁਝ ਕਹਿ ਦਿੱਤਾ। ਇਮੈਨੁਅਲ ਮੈਕਰੋਨ ਨੇ ਟਰੰਪ ਨਾਲ ਮੁਲਾਕਾਤ ਨੂੰ ਇੱਕ ਮੋੜ ਦੱਸਿਆ ਹੈ।
ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਮੈਕਰੋਨ ਅਮਰੀਕਾ ਦਾ ਦੌਰਾ ਕਰਨ ਵਾਲੇ ਪਹਿਲੇ ਯੂਰਪੀ ਨੇਤਾ ਹਨ। ਮੈਕਰੋਨ ਨੇ ਟਰੰਪ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ 'ਤੇ ਰੂਸ ਨਾਲ ਜੰਗਬੰਦੀ ਸਮਝੌਤੇ 'ਤੇ ਗੱਲਬਾਤ ਕਰਦੇ ਸਮੇਂ ਕਮਜ਼ੋਰ ਨਾ ਦਿਖਾਈ ਦੇਣ। ਮੰਗਲਵਾਰ ਨੂੰ ਅਮਰੀਕਾ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਯੂਕਰੇਨ ਦੇ ਮਤੇ ਦੇ ਖਿਲਾਫ ਰੂਸ ਦੇ ਸਮਰਥਨ ਵਿੱਚ ਵੋਟ ਦਿੱਤੀ। ਯੂਕਰੇਨ ਨੇ ਰੂਸੀ ਹਮਲੇ ਦੀ ਨਿੰਦਾ ਕਰਦੇ ਹੋਏ ਇੱਕ ਪ੍ਰਸਤਾਵ ਪੇਸ਼ ਕੀਤਾ ਤੇ ਰੂਸ ਨੂੰ ਯੂਕਰੇਨ ਤੋਂ ਤੁਰੰਤ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਕਿਹਾ। ਯੂਰਪੀ ਦੇਸ਼ਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ, ਪਰ ਅਮਰੀਕਾ ਨੇ ਆਪਣੀਆਂ ਪੁਰਾਣੀਆਂ ਨੀਤੀਆਂ ਦੇ ਵਿਰੁੱਧ ਜਾ ਕੇ ਰੂਸ ਦੇ ਸਮਰਥਨ ਵਿੱਚ ਵੋਟ ਦਿੱਤੀ।