ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ੀ ਖੇਤੀਬਾੜੀ ਉਤਪਾਦਾਂ ’ਤੇ ਨਵੇਂ ਟੈਰਿਫ਼ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਭਾਰਤੀ ਚੌਲ ਅਤੇ ਕੈਨੇਡੀਆਈ ਖਾਦ ਵੀ ਸ਼ਾਮਲ ਹੈ। ਟਰੰਪ ਨੇ ਇਹ ਬਿਆਨ ਵ੍ਹਾਈਟ ਹਾਊਸ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਦਿੱਤਾ, ਜਿੱਥੇ ਕਿਸਾਨਾਂ ਨੇ ਸਸਤੇ ਵਿਦੇਸ਼ੀ ਉਤਪਾਦਾਂ ਕਾਰਨ ਅਮਰੀਕੀ ਮਾਰਕੀਟ ’ਤੇ ਪੈ ਰਹੇ ਪ੍ਰਭਾਵ ਬਾਰੇ ਸ਼ਿਕਾਇਤ ਕੀਤੀ। ਇਹ ਮੀਟਿੰਗ ਅਮਰੀਕੀ ਕਿਸਾਨਾਂ ਲਈ ਘੋਸ਼ਿਤ 12 ਅਰਬ ਡਾਲਰ ਦੇ ਰਾਹਤ ਪੈਕੇਜ ਦੇ ਸੰਦਰਭ ਵਿੱਚ ਕੀਤੀ ਗਈ ਸੀ।
ਵਿਦੇਸ਼ੀ ਸਸਤਾ ਚਾਵਲ ਅਮਰੀਕੀ ਕਿਸਾਨਾਂ ਲਈ ਮੁਸੀਬਤ
ਮੀਟਿੰਗ ਵਿੱਚ ਮੌਜੂਦ ਅਮਰੀਕੀ ਕਿਸਾਨਾਂ ਨੇ ਦੋਸ਼ ਲਾਇਆ ਕਿ ਕੁਝ ਦੇਸ਼ ਅਮਰੀਕੀ ਮਾਰਕੀਟ ਵਿੱਚ ਬਹੁਤ ਘੱਟ ਕੀਮਤ ’ਤੇ ਚਾਵਲ ਵੇਚ ਰਹੇ ਹਨ, ਜਿਸ ਨਾਲ ਘਰੇਲੂ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ’ਤੇ ਟਰੰਪ ਨੇ ਕਿਹਾ, "ਉਹ ਲੋਕ ਧੋਖਾਧੜੀ ਕਰ ਰਹੇ ਹਨ।" ਟਰੰਪ ਨੇ ਇਸ਼ਾਰਾ ਕੀਤਾ ਕਿ ਇਸਦੀ ਜਾਂਚ ਹੋਵੇਗੀ ਅਤੇ ਲੋੜ ਪਈ ਤਾਂ ਟੈਰਿਫ ਵੀ ਲਾਏ ਜਾਣਗੇ।
ਲੂਈਜ਼ੀਆਨਾ ਦੀ ਕੇਨੇਡੀ ਰਾਈਸ ਮਿਲ ਦੀ CEO ਮੇਰਿਲ ਕੇਨੇਡੀ ਨੇ ਦਾਅਵਾ ਕੀਤਾ ਕਿ ਭਾਰਤ, ਥਾਈਲੈਂਡ ਤੇ ਚੀਨ ਇਸ ਕਥਿਤ ਡੰਪਰਾਂ ਵਿੱਚ ਸਭ ਤੋਂ ਮੁੱਖ ਦੇਸ਼ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਖਾਸ ਕਰਕੇ ਪਿਊਰਟੋ ਰੀਕੋ ਵਿੱਚ ਵੱਡੀ ਮਾਤਰਾ ਵਿੱਚ ਚਾਵਲ ਭੇਜ ਰਿਹਾ ਹੈ, ਜਿਸ ਕਾਰਨ ਉੱਥੇ ਅਮਰੀਕੀ ਚਾਵਲ ਦੀ ਸਪਲਾਈ ਲਗਭਗ ਖ਼ਤਮ ਹੋ ਚੁੱਕੀ ਹੈ।
ਮੇਰਿਲ ਕੇਨੇਡੀ ਨੇ ਕਿਹਾ, "ਅਸੀਂ ਸਾਲਾਂ ਤੋਂ ਉੱਥੇ ਚਾਵਲ ਭੇਜੇ ਹੀ ਨਹੀਂ। ਦੱਖਣੀ ਰਾਜਾਂ ਦੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।"
ਟੈਰਿਫ ਕੰਮ ਤਾਂ ਕਰ ਰਹੇ ਹਨ, ਪਰ ਹੋਰ ਸਖ਼ਤੀ ਦੀ ਲੋੜ
ਮੇਰਿਲ ਕੇਨੇਡੀ ਨੇ ਮੀਟਿੰਗ ਵਿੱਚ ਕਿਹਾ ਕਿ ਟੈਰਿਫ ਪ੍ਰਭਾਵੀ ਤਾਂ ਸਾਬਤ ਹੋ ਰਹੇ ਹਨ, ਪਰ ਇਹਨਾਂ ਨੂੰ ਹੋਰ ਸਖ਼ਤ ਬਣਾਉਣ ਦੀ ਲੋੜ ਹੈ। ਇਸ ’ਤੇ ਟਰੰਪ ਨੇ ਹੈਰਾਨੀ ਜਤਾਈ ਤੇ ਕਿਹਾ, "ਤੁਸੀਂ ਹੋਰ ਚਾਹੁੰਦੇ ਹੋ?" ਪਰ ਉਸਨੇ ਇਹ ਵੀ ਮੰਨਿਆ ਕਿ ਜੇ ਕੋਈ ਦੇਸ਼ ਡੰਪਿੰਗ ਕਰ ਰਿਹਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਟਰੰਪ ਨੇ ਮੀਟਿੰਗ ਵਿੱਚ ਮੌਜੂਦ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੂੰ ਹੁਕਮ ਦਿੱਤਾ ਕਿ ਕਿਸਾਨਾਂ ਵੱਲੋਂ ਦੱਸੇ ਦੇਸ਼ਾਂ ਦੀ ਸੂਚੀ ਨੋਟ ਕਰੋ। ਜਦੋਂ ਕਿਸਾਨ ਭਾਰਤ ਦੀ ਸਬਸਿਡੀ ਨੀਤੀ ਬਾਰੇ ਦੱਸਣ ਲੱਗੇ, ਤਾਂ ਟਰੰਪ ਨੇ ਵਿਚਕਾਰ ਹੀ ਕਿਹਾ,"ਪਹਿਲਾਂ ਮੈਨੂੰ ਦੇਸ਼ਾਂ ਦੇ ਨਾਂ ਦੱਸੋ… ਇੰਡੀਆ, ਤੇ ਹੋਰ ਕੌਣ?"
ਬੇਸੈਂਟ ਨੇ ਭਾਰਤ, ਥਾਈਲੈਂਡ ਅਤੇ ਚੀਨ ਨੂੰ ਮੁੱਖ ਸਰੋਤ ਦੱਸਿਆ ਅਤੇ ਕਿਹਾ ਕਿ ਸੂਚੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋ ਸਕਦੇ ਹਨ, ਜਿਸਦੀ ਵਧੀਕ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਟਰੰਪ ਨੇ ਭਰੋਸਾ ਦਵਾਇਆ ਕਿ ਇਸ ਮਾਮਲੇ ’ਤੇ "ਜਲਦੀ ਹੀ ਕਾਰਵਾਈ ਕੀਤੀ ਜਾਵੇਗੀ"।
ਕੈਨੇਡੀਅਨ ਖਾਦ ਵੀ ਨਿਸ਼ਾਨੇ ’ਤੇ
ਚਰਚਾ ਦੌਰਾਨ ਟਰੰਪ ਨੇ ਸੰਕੇਤ ਦਿੱਤੇ ਕਿ ਕੈਨੇਡਾ ਤੋਂ ਆਉਣ ਵਾਲੀ ਖਾਦ ’ਤੇ ਵੀ ਭਾਰੀ ਡਿਊਟੀ ਲਗਾਈ ਜਾ ਸਕਦੀ ਹੈ ਤਾਂ ਜੋ ਅਮਰੀਕੀ ਘਰੇਲੂ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਮਿਲੇ। ਬਲੂਮਬਰਗ ਦੀ ਰਿਪੋਰਟ ਅਨੁਸਾਰ ਭਾਰਤ ਅਤੇ ਕੈਨੇਡਾ ਦੋਵੇਂ ਹੀ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਗੱਲਬਾਤ ਕਾਫੀ ਹੌਲੀ ਰਹੀ ਹੈ।
ਅਗਸਤ ਵਿੱਚ ਟਰੰਪ ਪ੍ਰਸ਼ਾਸਨ ਨੇ ਭਾਰਤੀ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾ ਦਿੱਤਾ ਸੀ। ਇਸਦਾ ਕਾਰਣ ਦੱਸਿਆ ਗਿਆ ਕਿ ਭਾਰਤ ਅਮਰੀਕੀ ਬਾਜ਼ਾਰ ਲਈ ਰੁਕਾਵਟਾਂ ਪੈਦਾ ਕਰ ਰਿਹਾ ਹੈ ਅਤੇ ਨਾਲ ਹੀ ਰੂਸ ਤੋਂ ਤੇਲ ਖਰੀਦਦਾ ਰਹਿੰਦਾ ਹੈ।
10–11 ਦਸੰਬਰ ਨੂੰ ਭਾਰਤ–ਅਮਰੀਕਾ ਵਪਾਰ ਗੱਲਬਾਤ
ਅਮਰੀਕੀ ਵਪਾਰ ਪ੍ਰਤਿਨਿਧਿ ਦਫ਼ਤਰ (USTR) ਦੇ ਉਪ ਮੁਖੀ ਰਿਕ ਸਵਿਟਜ਼ਰ ਦੀ ਅਗਵਾਈ ਵਿੱਚ ਇੱਕ ਸੀਨੀਅਰ ਅਮਰੀਕੀ ਡੈਲੀਗੇਸ਼ਨ ਇਸ ਹਫ਼ਤੇ ਭਾਰਤ ਨਾਲ ਵਪਾਰਕ ਗੱਲਬਾਤ ਦੁਬਾਰਾ ਸ਼ੁਰੂ ਕਰੇਗਾ। ਦੋਵੇਂ ਪਾਸੇ 10 ਅਤੇ 11 ਦਸੰਬਰ ਨੂੰ ਕਈ ਮਹੱਤਵਪੂਰਨ ਮਸਲਿਆਂ ’ਤੇ ਚਰਚਾ ਕਰਨਗੇ ਅਤੇ ਦੋ-ਪੱਖੀ ਵਪਾਰ ਸਮਝੌਤਾ (BTA) ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਣਗੇ।
ਭਾਰਤ ਵੱਲੋਂ ਗੱਲਬਾਤ ਦੀ ਅਗਵਾਈ ਵਪਾਰ ਸਕੱਤਰ ਰਾਜੇਸ਼ ਅਗਰਵਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਸਾਲ ਦੇ ਅੰਤ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਵਿੱਚ ਹੈ। 28 ਨਵੰਬਰ ਨੂੰ FICCI ਦੀ ਵਾਰਸ਼ਿਕ ਬੈਠਕ ਵਿੱਚ ਅਗਰਵਾਲ ਨੇ ਕਿਹਾ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਸ ਕੈਲੰਡਰ ਸਾਲ ਵਿੱਚ ਸਮਝੌਤਾ ਪੂਰਾ ਕਰ ਲਵਾਂਗੇ।'