Tariff War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨਾਲ ਖਤਰਨਾਕ ਗੇਮ ਖੇਡ ਰਿਹਾ ਹੈ। ਭਾਰਤ ਉਪਰ ਸਭ ਤੋਂ ਵੱਧ 50 ਫੀਸਦੀ ਟੈਰਿਫ ਲਾਉਣ ਮਗਰੋਂ ਟਰੰਪ ਨੇ ਭਾਰਤ ਦੇ ਦੋ ਦੁਸ਼ਮਣ ਦੇਸ਼ਾਂ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਹੱਥ ਮਿਲਾ ਲਿਆ ਹੈ। ਟਰੰਪ ਨੇ ਭਾਰਤ ਉਪਰ ਜਿੱਥੇ 50 ਫੀਸਦੀ ਟੈਰਿਫ ਲਾਇਆ ਹੈ, ਉੱਥੇ ਹੀ ਪਾਕਿਸਤਾਨ ਉਪਰ ਸਿਰਫ 19% ਤੇ ਬੰਗਲਾਦੇਸ਼ ਉਪਰ 20% ਟੈਰਿਫ ਲਗਾਇਆ ਹੈ। ਅਮਰੀਕਾ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਹੋਰ ਰਿਆਇਤਾਂ ਵੀ ਦੇ ਰਿਹਾ ਹੈ। ਟਰੰਪ ਨੇ ਚੀਨ 'ਤੇ ਵੀ 30% ਟੈਰਿਫ ਲਾਇਆ ਹੈ। ਦੂਜੇ ਪਾਸੇ ਭਾਰਤ ਨੂੰ ਸੈਕੰਡਰੀ ਪਾਬੰਦੀਆਂ ਦੀ ਵੀ ਧਮਕੀ ਦਿੱਤੀ ਹੈ।
ਇਸ ਸਭ ਵਿੱਚੋਂ ਟਰੰਪ ਦੇ ਖਤਰਨਾਕ ਇਰਾਦਿਆਂ ਦੀ ਝਲਕ ਪੈਂਦੀ ਹੈ। ਇਸ ਵੇਲੇ ਭਾਰਤ ਦੇ ਚੀਨ ਨਾਲ ਵੀ ਰਿਸ਼ਤੇ ਚੰਗੇ ਨਹੀਂ। ਇਸ ਲਈ ਭਾਰਤ ਚੁਫੇਰਿਓਂ ਘਿਰ ਗਿਆ ਹੈ। ਉਂਝ ਅਮਰੀਕੀ ਝਟਕੇ ਮਗਰੋਂ ਭਾਰਤ ਦੀ ਚੀਨ ਪ੍ਰਤੀ ਸੁਰ ਨਰਮ ਹੋਈ ਹੈ ਪਰ ਚੀਨ ਕੀ ਰੁਖ ਅਖਤਿਆਰ ਕਰਦਾ ਹੈ, ਇਹ ਵੇਖਣਾ ਹੋਏਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਇਹ ਸਿਰਫ ਵਪਾਰ ਲਈ ਨਹੀਂ ਕਰ ਰਿਹਾ। ਉਹ ਇਸ ਖਿੱਤੇ ਵਿੱਚ ਖਤਰਨਾਕ ਗੇਮ ਖੇਡ ਰਿਹਾ ਹੈ।
ਦੱਸ ਦਈਏ ਕਿ ਟਰੰਪ ਨੇ ਪਾਕਿਸਤਾਨ 'ਤੇ 19% ਟੈਰਿਫ ਲਗਾਇਆ ਹੈ। ਇਹ ਦੱਖਣੀ ਏਸ਼ੀਆ ਦੇ ਕਿਸੇ ਵੀ ਦੇਸ਼ 'ਤੇ ਸਭ ਤੋਂ ਘੱਟ ਅਮਰੀਕੀ ਟੈਰਿਫ ਹੈ। ਇਸ ਤੋਂ ਪਹਿਲਾਂ ਟਰੰਪ ਨੇ ਅਪ੍ਰੈਲ ਵਿੱਚ ਪਾਕਿਸਤਾਨ 'ਤੇ 29% ਟੈਰਿਫ ਲਗਾਉਣ ਦੀ ਗੱਲ ਕੀਤੀ ਸੀ। ਨਵੇਂ ਆਦੇਸ਼ ਵਿੱਚ ਟਰੰਪ ਨੇ ਪਾਕਿਸਤਾਨ ਨੂੰ 10% ਦੀ ਰਿਆਇਤ ਦਿੱਤੀ ਹੈ। ਟਰੰਪ ਨੇ ਪਾਕਿਸਤਾਨ ਨਾਲ ਤੇਲ ਸੌਦਾ ਵੀ ਕੀਤਾ ਹੈ। ਇਸ ਤਹਿਤ ਅਮਰੀਕਾ ਤੇਲ ਦੀ ਖੋਜ, ਪ੍ਰੋਸੈਸਿੰਗ ਤੇ ਸਟੋਰੇਜ ਵਿੱਚ ਪਾਕਿਸਤਾਨ ਦੀ ਮਦਦ ਕਰੇਗਾ।
ਪਾਕਿਸਤਾਨ ਦਾ ਸਭ ਤੋਂ ਵੱਡਾ ਨਿਰਯਾਤ ਖੇਤਰ ਉਸ ਦਾ ਟੈਕਸਟਾਈਲ ਉਦਯੋਗ (80%) ਹੈ। ਅਮਰੀਕਾ ਇਸ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਘੱਟ ਟੈਰਿਫ ਕਰਕੇ ਪਾਕਿਸਤਾਨ ਅਮਰੀਕੀ ਬਾਜ਼ਾਰ ਵਿੱਚ ਆਪਣਾ ਹਿੱਸਾ ਵਧਾ ਸਕਦਾ ਹੈ। ਇਹ ਵੀ ਅਹਿਮ ਹੈ ਕਿ ਪਾਕਿਸਤਾਨ ਨਾਲ ਅਮਰੀਕਾ ਦਾ ਸੌਦਾ ਭਾਰਤ-ਅਮਰੀਕਾ ਸਬੰਧਾਂ ਵਿੱਚ ਹੋਰ ਤਣਾਅ ਲਿਆ ਸਕਦਾ ਹੈ। ਇਸ ਨਾਲ ਪਾਕਿਸਤਾਨ ਅਮਰੀਕਾ ਦੇ ਨਾਲ-ਨਾਲ ਆਪਣੀ ਖੇਤਰੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਅਮਰੀਕਾ ਦੀ ਮਦਦ ਨਾਲ ਪਾਕਿਸਤਾਨ ਵਿਸ਼ਵ ਬੈਂਕ ਤੇ ਆਈਐਮਐਫ ਤੋਂ ਵੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਬੰਗਲਾਦੇਸ਼ 'ਤੇ 20% ਟੈਰਿਫ ਲਗਾਇਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਬੰਗਲਾਦੇਸ਼ 'ਤੇ 37% ਟੈਰਿਫ ਲਗਾਇਆ ਗਿਆ ਸੀ। ਬੰਗਲਾਦੇਸ਼ ਅਮਰੀਕਾ ਨੂੰ 4 ਮਹੀਨਿਆਂ ਵਿੱਚ ਟੈਰਿਫ 17% ਘਟਾਉਣ ਲਈ ਮਨਾਉਣ ਵਿੱਚ ਸਫਲ ਰਿਹਾ। ਬੰਗਲਾਦੇਸ਼ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਕਸਟਾਈਲ ਨਿਰਯਾਤਕ ਹੈ। ਭਾਰਤ 'ਤੇ ਉੱਚ ਟੈਰਿਫ ਇਸ ਦੇ ਟੈਕਸਟਾਈਲ ਨਿਰਯਾਤ ਨੂੰ ਵਧਾ ਸਕਦਾ ਹੈ।
ਸਾਲ 2024 ਵਿੱਚ ਇਸ ਦਾ ਨਿਰਯਾਤ $8 ਬਿਲੀਅਨ (70 ਹਜ਼ਾਰ ਕਰੋੜ ਰੁਪਏ) ਸੀ, ਜੋ 2026 ਤੱਕ $10 ਬਿਲੀਅਨ (88 ਹਜ਼ਾਰ ਕਰੋੜ ਰੁਪਏ) ਤੱਕ ਪਹੁੰਚ ਸਕਦਾ ਹੈ। ਘੱਟ ਟੈਰਿਫ ਬੰਗਲਾਦੇਸ਼ ਨੂੰ ਅਮਰੀਕੀ ਬਾਜ਼ਾਰ ਵਿੱਚ ਆਪਣਾ 9% ਹਿੱਸਾ ਬਰਕਰਾਰ ਰੱਖਣ ਦੀ ਆਗਿਆ ਦੇ ਸਕਦੇ ਹਨ। FBCCI ਅਨੁਸਾਰ ਇਸ ਨਾਲ 2026 ਤੱਕ ਦੇਸ਼ ਦੀ GDP ਵਿੱਚ 0.2% ਦਾ ਵਾਧਾ ਹੋ ਸਕਦਾ ਹੈ।