ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਇੱਕ ਵਾਰ ਫਿਰ ਇਲਜ਼ਾਮ ਲਾਇਆ ਕਿ ਭਾਰਤ ਕਈ ਅਮਰੀਕੀ ਉਤਪਾਦਾਂ ’ਤੇ 100 ਫ਼ੀਸਦੀ ਆਯਾਤ ਟੈਕਸ ਵਸੂਲ ਰਿਹਾ ਹੈ। ਇਸ ਤੋਂ ਪਹਿਲਾਂ 11 ਜੂਨ ਨੂੰ G-7 ਸੰਮੇਲਨ ਵਿੱਚ ਵੀ ਉਨ੍ਹਾਂ ਅਜਿਹਾ ਹੀ ਇਲਜ਼ਾਮ ਲਾਇਆ ਸੀ। ਉਨ੍ਹਾਂ ਕਿਹਾ ਕਿ ਉਹ ਸਾਰੇ ਦੇਸ਼ਾਂ ਨਾਲ ਟੈਰਿਫ ਖ਼ਤਮ ਕਰਕੇ ਮੁਫ਼ਤ ਕਾਰੋਬਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਰ੍ਹਾਂ ਦੇ ਕਰਾਂ ਦੀ ਰੁਕਾਵਟਾਂ ਖ਼ਤਮ ਕਰਕੇ ਵਪਾਰ ਨੂੰ ਆਸਾਨ ਬਣਾਉਣਾ ਚਾਹੀਦਾ ਹੈ।

ਹਾਲ ਹੀ ਵਿੱਚ ਟਰੰਪ ਨੇ ਭਾਰਤ ਸਣੇ ਕਈ ਦੇਸ਼ਾਂ ਤੋਂ ਅਮਰੀਕਾ ਜਾਣ ਵਾਲੇ ਉਤਪਾਦਾਂ ’ਤੇ ਆਯਾਤ ਕਰ ਵਧਾਇਆ ਸੀ। ਕੁਝ ਦਿਨ ਪਹਿਲਾਂ ਭਾਰਤ ਨੇ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੇ 29 ਉਤਪਾਦਾਂ ’ਤੇ ਕਰ ਵਧਾਉਣ ਦਾ ਫੈਸਲਾ ਕੀਤਾ ਸੀ। ਨੌਂ ਮਾਰਚ ਨੂੰ ਅਮਰੀਕਾ ਨੇ ਭਾਰਤ ਤੋਂ ਜਾਣ ਵਾਲੀ ਸਟੀਲ ’ਤੇ 25 ਫ਼ੀਸਦੀ ਤੇ ਐਲੂਮੀਨੀਅਮ ਦੇ ਆਯਾਤ ’ਤੇ 10 ਫ਼ੀਸਦੀ ਕਰ ਵਧਾ ਦਿੱਤਾ ਸੀ। ਇਸ ਵਜ੍ਹਾ ਕਰਕੇ ਭਾਰਤ ਤੇ 1,650 ਕਰੋੜ ਰੁਪਏ ਦਾ ਸਾਲਾਨਾ ਬੋਝ ਵਧਿਆ ਹੈ। ਭਾਰਤ ਹਰ ਸਾਲ 10 ਹਜ਼ਾਰ ਹਜ਼ਾਰ ਕਰੋੜ ਰੁਪਏ ਦੀ ਸਟੀਲ ਤੇ ਐਲੂਮੀਨੀਅਮ ਅਮਰੀਕਾ ਨੂੰ ਨਿਰਯਾਤ ਕਰਦਾ ਹੈ।

 

ਟਰੰਪ ਨੇ 11 ਜੂਨ ਨੂੰ ਕੈਨੇਡੀ ਵਿੱਚ ਹੋਏ G-7 ਸੰਮੇਲਨ ਵਿੱਚ ਕਿਹਾ ਸੀ ਕਿ ਹਰ ਕੋਈ ਅਮਰੀਕਾ ਨੂੰ ਲੁੱਟਣ ਵਿੱਚ ਲੱਗਾ ਹੋਇਆ ਹੈ। ਭਾਰਤ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਿਰਫ ਵਿਕਸਤ ਦੇਸ਼ਾਂ ਤੋਂ ਹੀ ਟੈਰਿਫ ਸਬੰਧੀ ਸ਼ਿਕਾਇਤਾਂ ਨਹੀਂ ਆ ਰਹੀਆਂ, ਅਸੀਂ ਸਾਰੇ ਦੇਸ਼ਾਂ ਦੀ ਗੱਲ ਕਰ ਰਹੇ ਹਾਂ। ਭਾਰਤ ਵਿੱਚ ਕਈ ਉਤਪਾਦਾਂ ’ਤੇ 100 ਫ਼ੀਸਦੀ ਟੈਰਿਫ ਵਸੂਲਿਆ ਜਾ ਰਿਹਾ ਹੈ। ਇਹ ਰੁਕਣਾ ਚਾਹੀਦਾ ਹੈ, ਨਹੀਂ ਤਾਂ ਉਹ ਇਹੋ ਜਿਹੇ ਦੇਸ਼ਾਂ ਨਾਲ ਕਾਰੋਬਾਰ ਕਰਨਾ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਜੇ ਇਹ ਕਦਮ ਉਠਾਉਣਾ ਪਿਆ ਤਾਂ ਇਹ ਉਨ੍ਹਾਂ ਲਈ ਬਹੁਤ ਲਾਹੇਵੰਦ ਹੋਏਗਾ।

ਫਿਲਹਾਲ ਭਾਰਤ ਦੇ ਅਮਰੀਕਾ ਦੇ ਸਬੰਧ ਚੰਗੇ ਚੱਲ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ ਦੋਪੱਖੀ ਵਪਾਰ ਵਧ ਕੇ 125 ਅਰਬ ਡਾਲਰ (8.32 ਲੱਖ ਕਰੋੜ ਰੁਪਏ) ਹੋ ਗਿਆ, ਜਦੋ ਆਪਣੇ-ਆਪ ਵਿੱਚ ਹੀ ਇੱਕ ਰਿਕਾਰਡ ਹੈ।