ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਵਾਸ਼ਿੰਗਟਨ ਡੀ.ਸੀ. ਦੀ ਪੁਲਿਸ ਦਾ ਕੰਟਰੋਲ ਕੇਂਦਰੀ ਸਰਕਾਰ ਦੇ ਹੱਥ ਵਿੱਚ ਦੇ ਦਿੱਤਾ ਅਤੇ ਸ਼ਹਿਰ ਦੀਆਂ ਸੜਕਾਂ ‘ਤੇ 800 ਨੇਸ਼ਨਲ ਗਾਰਡ ਸੈਨਿਕ ਤਾਇਨਾਤ ਕਰਨ ਦਾ ਐਲਾਨ ਕੀਤਾ। ਇਹ ਕਦਮ ਸਥਾਨਕ ਨੇਤਾਵਾਂ ਦੇ ਵਿਰੋਧ ਅਤੇ ਕਾਨੂੰਨੀ ਸਵਾਲਾਂ ਦੇ ਬਾਵਜੂਦ ਚੁੱਕਿਆ ਗਿਆ ਹੈ। ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, “ਹੁਣ ਵੱਡੇ ਅਤੇ ਹਿੰਮਤੀ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਡੀ.ਸੀ. ਤੋਂ ਸ਼ੁਰੂ ਕਰ ਰਹੇ ਹਾਂ, ਪਰ ਇਹ ਅੱਗੇ ਵੀ ਜਾਵੇਗਾ।”

ਉਨ੍ਹਾਂ ਨੇ "ਜਨਤਕ ਸੁਰੱਖਿਆ ਐਮਰਜੈਂਸੀ" ਦਾ ਐਲਾਨ ਕਰਦੇ ਹੋਏ District of Columbia Home Rule Act ਦੀ ਧਾਰਾ 740 ਦਾ ਇਸਤੇਮਾਲ ਕੀਤਾ, ਜੋ ਰਾਸ਼ਟਰਪਤੀ ਨੂੰ ਐਮਰਜੈਂਸੀ ਹਾਲਾਤ ਵਿੱਚ ਡੀ.ਸੀ. ਪੁਲਿਸ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਦਿੰਦੀ ਹੈ। ਇਸ ਹੁਕਮ ਅਧੀਨ, ਅਟਾਰਨੀ ਜਨਰਲ ਪਾਮ ਬੌਂਡੀ ਹੁਣ ਮੈਟਰੋਪੋਲਿਟਨ ਪੁਲੀਸ ਵਿਭਾਗ ਦੀ ਮੁਖੀ ਹੋਣਗੇ। ਇਹ ਕੰਟਰੋਲ ਵੱਧ ਤੋਂ ਵੱਧ 30 ਦਿਨਾਂ ਤੱਕ ਰਹਿ ਸਕਦਾ ਹੈ, ਜਦੋਂ ਤੱਕ ਕਿ ਕਾਂਗਰਸ ਇਸ ਦੀ ਮਿਆਦ ਨਾ ਵਧਾ ਦੇਵੇ। ਡੀ.ਸੀ. ਦੀ ਮੇਅਰ ਮਿਊਰੀਅਲ ਬਾਊਜ਼ਰ ਨੇ ਇਸ ਕਦਮ ਨੂੰ "ਅਸਥਿਰ ਕਰਨ ਵਾਲਾ" ਦੱਸਿਆ ਅਤੇ ਕਿਹਾ ਕਿ ਇਹ ਅਮਰੀਕੀ ਸੰਵਿਧਾਨ ਦੀ ਭਾਵਨਾ ਦੇ ਖ਼ਿਲਾਫ਼ ਹੈ।

ਉਹਨਾਂ ਦਾ ਕਹਿਣਾ ਹੈ ਕਿ ਰਾਜਧਾਨੀ ਵਿੱਚ ਹਿੰਸਕ ਅਪਰਾਧ 26% ਘੱਟ ਹੋਏ ਹਨ ਅਤੇ ਕੁੱਲ ਅਪਰਾਧ ਦਰ ਵੀ ਪਿਛਲੇ ਸਾਲ ਨਾਲੋਂ ਘੱਟ ਹੈ, ਇਸ ਲਈ ਇਹ ਕਾਰਵਾਈ "ਗੈਰਜ਼ਰੂਰੀ" ਹੈ। ਡੀ.ਸੀ. ਕੌਂਸਲ ਨੇ ਵੀ ਬਿਆਨ ਜਾਰੀ ਕਰ ਕਿਹਾ ਕਿ ਨੈਸ਼ਨਲ ਗਾਰਡ ਨੂੰ ਸਥਾਨਕ ਕਾਨੂੰਨਾਂ ਅਤੇ ਜਾਂਚ ਪ੍ਰਕਿਰਿਆਵਾਂ ਦਾ ਅਨੁਭਵ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਤੈਨਾਤੀ "ਸਥਾਨਕ ਅਧਿਕਾਰਾਂ ‘ਤੇ ਹਮਲਾ" ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਟਰੰਪ ਪ੍ਰਸ਼ਾਸਨ ਨੇ ਡੀ.ਸੀ. ਦੀਆਂ ਸੜਕਾਂ ‘ਤੇ ਯੂ.ਐੱਸ. ਪਾਰਕ ਪੁਲਿਸ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE), ਐਫਬੀਆਈ, ATF ਅਤੇ ਯੂ.ਐੱਸ. ਮਾਰਸ਼ਲ ਸਰਵਿਸ ਦੇ ਅਫ਼ਸਰਾਂ ਨੂੰ ਗਸ਼ਤ ਲਈ ਭੇਜਿਆ ਹੈ। ਰੱਖਿਆ ਮੰਤਰੀ ਪੀਟ ਹੈਗਸੇਥ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ "ਹੋਰ ਖ਼ਾਸ ਦਸਤੇ" ਵੀ ਤੈਨਾਤ ਕੀਤੇ ਜਾਣਗੇ।

ਟਰੰਪ ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ ‘ਤੇ ਫੌਜ ਨੂੰ ਵੀ ਡੀ.ਸੀ. ਵਿੱਚ ਉਤਾਰਿਆ ਜਾ ਸਕਦਾ ਹੈ—ਇੱਕ ਅਜਿਹਾ ਕਦਮ ਜਿਸ ਨੂੰ ਆਲੋਚਕ ਸੰਭਾਵਿਤ ਮਾਰਸ਼ਲ ਲਾ (ਫੌਜੀ ਸ਼ਾਸਨ) ਦੀ ਤਿਆਰੀ ਮੰਨ ਰਹੇ ਹਨ। ਟਰੰਪ ਦੀ ਐਲਾਨਾ ਦੇ ਤੁਰੰਤ ਬਾਅਦ ਸੈਂਕੜੇ ਲੋਕ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ “Hands off D.C.” ਵਰਗੇ ਨਾਰੇ ਲਗਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਾਜਧਾਨੀ ਨੂੰ “ਜੰਗੀ ਖੇਤਰ” ਵਰਗਾ ਬਣਾਉਣ ਨਾਲ ਨਾ ਤਾਂ ਸੁਰੱਖਿਆ ਵਧੇਗੀ ਅਤੇ ਨਾ ਹੀ ਅਸਲ ਸਮੱਸਿਆਵਾਂ ਦਾ ਹੱਲ ਨਿਕਲੇਗਾ।

6 ਜਨਵਰੀ 2021 ਨੂੰ ਕੈਪਿਟਲ ‘ਤੇ ਹੋਏ ਹਮਲੇ ਵਿੱਚ ਡੀ.ਸੀ. ਪੁਲਿਸ ਦੇ 140 ਤੋਂ ਵੱਧ ਅਧਿਕਾਰੀ ਜ਼ਖਮੀ ਹੋਏ ਸਨ। ਉਸ ਸਮੇਂ ਟਰੰਪ ਦੇ ਸਮਰਥਕਾਂ ਨੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਉਸ ਦਿਨ ਟਰੰਪ ਨੇ ਸਮੇਂ ‘ਤੇ ਨੈਸ਼ਨਲ ਗਾਰਡ ਨਹੀਂ ਭੇਜੇ ਸਨ, ਪਰ ਹੁਣ ਉਹ ਰਾਜਨੀਤਿਕ ਕਾਰਨਾਂ ਕਰਕੇ ਉਨ੍ਹਾਂ ਨੂੰ ਤਾਇਨਾਤ ਕਰ ਰਹੇ ਹਨ। ਟਰੰਪ ਦਾ ਕਹਿਣਾ ਹੈ ਕਿ ਡੀ.ਸੀ. “ਦੁਨੀਆ ਦੇ ਸਭ ਤੋਂ ਖਤਰਨਾਕ ਸ਼ਹਿਰਾਂ ਵਿੱਚੋਂ ਇੱਕ” ਬਣ ਗਿਆ ਹੈ ਅਤੇ ਬੇਘਰ ਲੋਕਾਂ ਨੂੰ ਰਾਜਧਾਨੀ ਤੋਂ ਹਟਾਉਣਾ ਪਵੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਅਸੀਂ ਤੁਹਾਨੂੰ ਠਹਿਰਨ ਲਈ ਥਾਂ ਦੇਵਾਂਗੇ, ਪਰ ਰਾਜਧਾਨੀ ਤੋਂ ਦੂਰ।”