ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਹਿਰਾਸਤ ਵਿਚ ਲਏ ਗਏ ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ‘ਸੈਂਚੁਰੀ ਸਿਟੀਜ਼’ ਉਨ੍ਹਾਂ ਸ਼ਹਿਰਾਂ ਨੂੰ ਆਖਦੇ ਹਨ, ਜੋ ਟਰੰਪ ਦੀਆਂ ਪਰਵਾਸ ਬਾਰੇ ਸਖ਼ਤ ਨੀਤੀਆਂ ਦਾ ਵਿਰੋਧ ਕਰਦੇ ਹਨ। ਇਨ੍ਹਾਂ ਸ਼ਹਿਰਾਂ ਦੇ ਸਥਾਨਕ ਪ੍ਰਸ਼ਾਸਨ ਡੈਮੋਕ੍ਰੈਟਿਕਸ ਨੁਮਾਇੰਦਗੀ ਵਾਲੇ ਹਨ।


ਟਰੰਪ ਨੇ ਇਹ ਐਲਾਨ ਟਵਿੱਟਰ ’ਤੇ ਕੀਤਾ। ਉਨ੍ਹਾਂ ਦਾ ਇਹ ਐਲਾਨ ਵਾਈਟ ਹਾਊਸ ਵੱਲੋਂ ਦਿੱਤੇ ਗਏ ਭਰੋਸੇ ਦੇ ਐਨ ਉਲਟ ਹੈ, ਜਿਸ ਵਿੱਚ ਅਜਿਹੀ ਯੋਜਨਾ ਨੂੰ ਤਿਆਗਣ ਦੀ ਗੱਲ ਕਹੀ ਗਈ ਸੀ। ਦੱਸਣਯੋਗ ਹੈ ਕਿ ਟਰੰਪ ਦੇ ਇਸ ਵਿਚਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿਚ ਵਿਰੋਧੀ ਡੈਮੋਕ੍ਰੈਟ ਕਾਬਜ਼ ਹਨ, ਉਨ੍ਹਾਂ ਨਾਲ ਬਦਲੇ ਦੀ ਭਾਵਨਾ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ।

ਟਰੰਪ ਨੇ ਕਿਹਾ, ‘‘ਡੈਮੋਕ੍ਰੈਟ ਸਾਡੇ ਪਰਵਾਸ ਬਾਰੇ ਖ਼ਤਰਨਾਕ ਕਾਨੂੰਨ ਵਿੱਚ ਤਬਦੀਲੀ ਕਰਨ ਲਈ ਤਿਆਰ ਨਹੀਂ ਹਨ ਤੇ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਸਾਰੇ ਗੈਰਕਾਨੂੰਨੀ ਪਰਵਾਸੀਆਂ ਨੂੰ ਸੈਂਚੁਰੀ ਸਿਟੀਜ਼ ਭੇਜਣ ਬਾਰੇ ਵਿਚਾਰ ਕਰ ਰਹੇ ਹਾਂ।’’