ਪਰਵਾਸੀਆਂ ਦੀ ਅਮਰੀਕਾ 'ਚ ਸ਼ਾਮਤ, ਬਿਨਾ ਵਕੀਲ-ਦਲੀਲ ਸਿੱਧਾ ਡਿਪੋਰਟ !
ਏਬੀਪੀ ਸਾਂਝਾ | 25 Jun 2018 04:27 PM (IST)
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ਬਰੀ ਵਤਨ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਨ੍ਹਾਂ ਮਾਮਲਿਆਂ ਵਿੱਚ ਅਦਾਲਤੀ ਪ੍ਰਕਿਰਿਆ ਨੂੰ ਮਨਫ਼ੀ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਬੀਤੇ ਐਤਵਾਰ ਨੂੰ ਟਰੰਪ ਨੇ ਟਵਿੱਟਰ 'ਤੇ ਲਿਖਿਆ ਕਿ ਜੇਕਰ ਕੋਈ ਗੈਰ ਕਾਨੂੰਨੀ ਆਉਂਦਾ ਹੈ ਤਾਂ ਸਾਨੂੰ ਬਿਨਾ ਕਿਸੇ ਕੋਰਟ ਕੇਸ ਜਾਂ ਜੱਜ ਦੇ ਤੁਰੰਤ ਉੱਥੇ ਭੇਜ ਦੇਣਾ ਚਾਹੀਦਾ ਹੈ, ਜਿੱਥੋਂ ਉਹ ਆਇਆ ਹੋਵੇ। ਟਰੰਪ ਦਾ ਇਹ ਬਿਆਨ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਨਾ ਕਰਨ ਦੇ ਫੈਸਲੇ ਤੋਂ ਬਾਅਦ ਆਇਆ ਹੈ। ਬੀਤੀ ਪੰਜ ਮਈ ਤੋਂ ਨੌਂ ਜੂਨ ਦੌਰਾਨ ਅਜਿਹੇ ਹੀ 2,342 ਬੱਚਿਆਂ ਨੂੰ ਉਨ੍ਹਾਂ ਦੇ 2,206 ਮਾਪਿਆਂ ਤੋਂ ਵੱਖਰਾ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਅਜਿਹੇ ਬਿਆਨ ਤੇ ਫੈਸਲੇ ਆਪਣੀ ਸਖ਼ਤ ਪ੍ਰਵਾਸ ਨੀਤੀ ਤਹਿਤ ਕਰਦੇ ਆ ਰਹੇ ਹਨ। ਮਈ ਵਿੱਚ ਅਮਰੀਕਾ ਅੰਦਰ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਦਾਖ਼ਲ ਹੋਏ ਹਜ਼ਾਰਾਂ ਲੋਕਾਂ 'ਤੇ ਫ਼ੌਜਦਾਰੀ ਮੁਕੱਦਮੇ ਚਲਾਏ ਜਾਣਗੇ। ਪਰ ਟਰੰਪ ਦੇ ਨਵਾਂ ਬਿਆਨ ਮੁਤਾਬਕ ਉਹ ਇਸ ਮੁਕੱਦਮੇਬਾਜ਼ੀ ਦੇ ਝੰਜਟ ਵਿੱਚ ਪੈਣ ਦੀ ਥਾਂ ਅਮਰੀਕਾ ਵਿੱਚ ਅਸਿੱਧੇ ਤਰੀਕਿਆਂ ਨਾਲ ਦਾਖ਼ਲ ਹੋਏ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਜਾਂ ਮੂਲ ਦੇਸ਼ ਭੇਜਣ ਵਿੱਚ ਵਧੇਰੇ ਯਕੀਨ ਰੱਖਦੇ ਹਨ।