ਕੋਵਿਡ-19 ਦੀ ਪੈਦਾ ਹੋਣ ’ਤੇ WHO (ਵਿਸ਼ਵ ਸਿਹਤ ਸੰਗਠਨ) ਤੇ ਚੀਨ ਦੇ ਸਾਂਝੇ ਅਧਿਐਨ ’ਚ ਕਿਹਾ ਗਿਆ ਹੈ ਕਿ ਵਾਇਰਸ ਦੇ ਚਮਗਾਦੜਾਂ ਤੋਂ ਕਿਸੇ ਦੂਜੇ ਜਾਨਵਰ ਰਾਹੀਂ ਮਨੁੱਖਾਂ ’ਚ ਫੈਲਣ ਦਾ ਖ਼ਦਸ਼ਾ ਹੈ। ਇਸ ਦੇ ਲੈਬ. ਰਾਹੀਂ ਫੈਲਣ ਦਾ ਖ਼ਦਸ਼ਾ ਬਹੁਤ ਘੱਟ ਹੈ।

 

ਖ਼ਬਰ ਏਜੰਸੀ ਐਸੋਸੀਏਟਡ ਪ੍ਰੈੱਸ ਨੇ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਜਿਹੀ ਰਿਪੋਰਟ ਦੀ ਆਸ ਕੀਤੀ ਜਾ ਰਹੀ ਹੈ ਤੇ ਰਿਪੋਰਟ ਵਿੱਚ ਹਾਲੇ ਵੀ ਕਈ ਸੁਆਲਾਂ ਦੇ ਜੁਆਬ ਨਹੀਂ ਮਿਲੇ। ਇਸ ਟੀਮ ਨੇ ਲੈਬ. ਤੋਂ ਵਾਇਰਸ ਦੇ ਲੀਕ ਹੋਣ ਦੀ ਕਲਪਨਾ ਨੂੰ ਛੱਡ ਕੇ ਅੱਗੇ ਰਿਸਰਚ ਕਰਨ ਦਾ ਪ੍ਰਸਤਾਵ ਦਿੱਤਾ ਹੈ।

 

ਗ਼ੌਰਤਲਬ ਹੈ ਕਿ ਰਿਪੋਰਟ ਦੇ ਜਾਰੀ ਹੋਣ ’ਚ ਦੇਰੀ ਕੀਤੀ ਜਾ ਰਹੀ ਹੈ। ਇਸ ਤੋਂ ਸੁਆਲ ਉੱਠ ਰਹੇ ਹਨ ਕਿ ਕੀ ਚੀਨੀ ਪੱਖ ਮਹਾਮਾਰੀ ਫੈਲਾਉਣ ਦੇ ਦੋਸ਼ ਤੋਂ ਚੀਨ ਨੂੰ ਬਚਾਉਣ ਲਈ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਸ਼ਵ ਸਿਹਤ ਸੰਗਠਨ ਦੇ ਇੱਕ ਅਧਿਕਾਰੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ ਰਿਪੋਰਟ ਅਗਲੇ ਕੁਝ ਦਿਨਾਂ ਅੰਦਰ ਜਾਰੀ ਕਰ ਦਿੱਤੀ ਜਾਵੇਗੀ।

 

WHO ’ਚ ਜਨੇਵਾ ਦੇ ਇੱਕ ਕੂਟਨੀਤਕ ਰਾਹੀਂ ਸੋਮਵਾਰ ਨੂੰ ਲਗਭਗ ਫ਼ਾਈਨਲ ਰਿਪੋਰਟ ਮੁਹੱਈਆ ਕਰਵਾਈ ਗਈ ਹੈ। ਭਾਵੇਂ ਇਹ ਸਪੱਸ਼ਟ ਨਹੀਂ ਸੀ ਕਿ ਕੀ ਰਿਪੋਰਟ ਨੂੰ ਹਾਲੇ ਵੀ ਜਾਰੀ ਕੀਤੇ ਜਾਣ ਤੋਂ ਪਹਿਲਾਂ ਬਦਲਿਆ ਜਾ ਸਕਦਾ ਹੈ ਜਾਂ ਨਹੀਂ। ਕੂਟਨੀਤਕ ਦੀ ਪਛਾਣ ਜੱਗ ਜ਼ਾਹਿਰ ਨਹੀਂ ਕੀਤੀ ਗਈ ਹੈ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਾਇਰਸ ਚਮਗਿੱਦੜਾਂ ਤੋਂ ਮਨੁੱਖਾਂ ਤੱਕ ਸਿੱਧਾ ਨਹੀਂ ਪੁੱਜਾ। ਇਸ ਦੇ ‘ਕੋਲਡ ਚੇਨ’ ਫ਼ੂਡ ਪ੍ਰੋਡਕਟਸ ਰਾਹੀਂ ਫੈਲਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ ਪਰ ਇਸ ਦਾ ਖ਼ਦਸ਼ਾ ਘੱਟ ਹੀ ਹੈ। ਇਸ ਦੀ ਪੁਸ਼ਟੀ ਹਾਲੇ ਵਿਸ਼ਵ ਪੱਧਰ ਉੱਤੇ ਹੋਣੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ