ਰੂਸ ਦੇ ਕਾਮਚਟਕਾ ਪ੍ਰਾਇਦੀਪ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਦੇ ਕਈ ਵੀਡੀਓ ਸਾਹਮਣੇ ਆਏ ਹਨ। ਜਦੋਂ ਭੂਚਾਲ ਆਇਆ, ਤਾਂ ਕੋਈ ਘਰ ਵਿੱਚ ਹੋਵੇਗਾ, ਕੋਈ ਸੜਕ 'ਤੇ, ਕੋਈ ਕਾਰ ਵਿੱਚ ਜਾ ਰਿਹਾ ਹੋਵੇਗਾ, ਭਾਵੇਂ ਜਿੱਥੇ ਵੀ ਕੋਈ ਵੀ ਹੋਵੇ, ਉਹ ਕਹਿ ਰਿਹਾ ਹੋਵੇਗਾ ਰੱਬਾ ਮੈਨੂੰ ਬਚਾ ਲਈ।
ਭੂਚਾਲ ਦੀ ਵੀਡੀਓ ਦੇਖ ਕੇ ਹੀ ਤੁਸੀਂ ਕੰਬ ਜਾਓਗੇ, ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਵਾਪਰਦਾ ਦੇਖ ਰਹੇ ਹੋਣਗੇ, ਉਨ੍ਹਾਂ 'ਤੇ ਕੀ ਬੀਤ ਰਹੀ ਹੋਵੇਗੀ। ਰੂਸ ਵਿੱਚ ਸੁਨਾਮੀ ਤੋਂ ਬਾਅਦ ਸਾਹਮਣੇ ਆਈ ਇੱਕ ਵੀਡੀਓ ਕਲਿੱਪ ਵਿੱਚ, ਸਮੁੰਦਰੀ ਕੰਢੇ 'ਤੇ ਡੁੱਬੀਆਂ ਇਮਾਰਤਾਂ ਅਤੇ ਨਦੀ ਵਾਂਗ ਜ਼ਮੀਨ 'ਤੇ ਪਾਣੀ ਵਗਦਾ ਦਿਖਾਈ ਦੇ ਰਿਹਾ ਹੈ। ਪਾਣੀ ਦੀਆਂ ਲਹਿਰਾਂ ਛੋਟੇ ਘਰਾਂ ਅਤੇ ਕਾਰਾਂ ਨੂੰ ਤੂੜੀ ਵਾਂਗ ਵਹਾ ਕੇ ਲੈ ਗਈਆਂ ਅਤੇ ਵੱਡੀਆਂ ਇਮਾਰਤਾਂ ਨੂੰ ਵੀ ਢਾਹ ਦਿੱਤਾ।
ਰੂਸ ਵਿੱਚ ਆਏ ਇਸ ਭਿਆਨਕ ਭੂਚਾਲ ਤੋਂ ਬਾਅਦ, ਸਮੁੰਦਰ ਵਿੱਚ ਸੁਨਾਮੀ ਦੀਆਂ ਲਹਿਰਾਂ ਉੱਠਣ ਲੱਗ ਪਈਆਂ, ਜਿਸ ਕਾਰਨ ਤਬਾਹੀ ਮਚੀ ਹੋਈ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਸੁਨਾਮੀ ਦੀਆਂ ਲਹਿਰਾਂ ਚਾਰ ਮੀਟਰ ਤੱਕ ਉੱਚੀਆਂ ਹਨ। ਇਨ੍ਹਾਂ ਤੇਜ਼ ਲਹਿਰਾਂ ਨੇ ਕਈ ਖੇਤਰਾਂ ਵਿੱਚ ਭਾਰੀ ਨੁਕਸਾਨ ਪਹੁੰਚਾਇਆ ਹੈ।
ਰੂਸ ਵਿੱਚ ਭੂਚਾਲ ਤੋਂ ਬਾਅਦ, ਚੀਨ, ਪੇਰੂ ਅਤੇ ਇਕਵਾਡੋਰ ਸਮੇਤ ਪ੍ਰਸ਼ਾਂਤ ਮਹਾਸਾਗਰ ਦੇ ਕਈ ਦੇਸ਼ਾਂ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਨਾਲ ਪੂਰੇ ਪ੍ਰਸ਼ਾਂਤ ਖੇਤਰ ਵਿੱਚ ਚਿੰਤਾ ਵੱਧ ਗਈ ਹੈ। ਰੂਸ, ਜਾਪਾਨ, ਅਮਰੀਕਾ (ਹਵਾਈ ਅਤੇ ਅਲਾਸਕਾ), ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਕਈ ਟਾਪੂ ਦੇਸ਼ਾਂ ਵਿੱਚ ਤੁਰੰਤ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਅਧਿਕਾਰੀਆਂ ਨੇ ਤੁਰੰਤ ਭੂਚਾਲ ਦੇ ਕੇਂਦਰ ਦੇ ਨੇੜੇ ਦੇ ਕਈ ਖੇਤਰਾਂ, ਖਾਸ ਕਰਕੇ ਕਾਮਚਟਕਾ ਪ੍ਰਾਇਦੀਪ ਵਿੱਚ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ, ਕਿਉਂਕਿ 3-4 ਮੀਟਰ (10-13 ਫੁੱਟ) ਉੱਚੀਆਂ ਸੁਨਾਮੀ ਲਹਿਰਾਂ ਦੀ ਚੇਤਾਵਨੀ ਸੀ।
ਬਚਾਅ ਦੇ ਤੌਰ ‘ਤੇ ਕਮਜ਼ੋਰ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਜਾਂ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸੁਨਾਮੀ ਦੀਆਂ ਲਹਿਰਾਂ ਚੀਨ ਦੇ ਪੂਰਬੀ ਤੱਟਵਰਤੀ ਖੇਤਰਾਂ ਤੱਕ ਪਹੁੰਚ ਸਕਦੀਆਂ ਹਨ, ਇਸ ਲਈ ਉਹ ਇਸ ਬਾਰੇ ਗੰਭੀਰਤਾ ਨਾਲ ਚਿੰਤਤ ਹਨ।