ਤੁਰਕੀ 'ਚ ਦਸ ਹਜ਼ਾਰ ਤੋਂ ਵਧ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
ਏਬੀਪੀ ਸਾਂਝਾ | 31 Oct 2016 03:20 PM (IST)
ਅੰਕਾਰਾ: ਤੁਰਕੀ ਦੀ ਸਰਕਾਰ ਨੇ ਇਸੇ ਸਾਲ ਬੀਤੀ ਜੁਲਾਈ 'ਚ ਤਖ਼ਤਾ ਪਲਟ ਦੀ ਕੋਸ਼ਿਸ਼ 'ਚ ਸ਼ਾਮਲ ਹੋਣ ਦੇ ਸ਼ੱਕ 'ਚ 10,000 ਤੋਂ ਵਧ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ਸਾਰਿਆਂ ਵਿਰੁੱਧ ਅਮਰੀਕਾ 'ਚ ਵਸੇ ਧਾਰਮਿਕ ਨੇਤਾ ਫਤੁਲਾਹ ਗ਼ੁਲੇਲ ਨਾਲ ਰਿਸ਼ਤਿਆਂ ਦੇ ਸ਼ੱਕ 'ਚ ਕਾਰਵਾਈ ਕੀਤੀ ਗਈ ਹੈ। ਤਖ਼ਤਾ ਪਲਟ ਦੀ ਕੋਸ਼ਿਸ਼ ਦੇ ਪਿੱਛੇ ਤੁਰਕੀ ਦੀ ਸਰਕਾਰ ਗ਼ੁਲੇਲ ਨੂੰ ਹੀ ਜ਼ਿੰਮੇਵਾਰ ਮੰਨਦੀ ਹੈ। ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ, ਉਨ੍ਹਾਂ 'ਚ ਜ਼ਿਆਦਾਤਰ ਅਧਿਆਪਕ ਜਾਂ ਹੈਲਥ ਵਰਕਰ ਹਨ। ਇੰਨਾ ਹੀ ਨਹੀਂ, 15 ਮੀਡੀਆ ਦਫ਼ਤਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਨਾਕਾਮ ਤਖ਼ਤਾ ਪਲਟ ਤੋਂ ਬਾਅਦ ਤੁਰਕੀ 'ਚ 37,000 ਤੋਂ ਵਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਜੱਜਾਂ, ਪੁਲਸ ਕਰਮਚਾਰੀਆਂ ਸਮੇਤ ਇੱਕ ਲੱਖ ਤੋਂ ਵਧ ਸਰਕਾਰੀ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਸਰਕਾਰ ਦਾ ਤਰਕ ਹੈ ਕਿ ਅਹਿਮ ਸਰਕਾਰੀ ਅਹੁਦਿਆਂ 'ਤੇ ਬੈਠੇ ਗ਼ੁਲੇਲ ਦੇ ਸਮਰਥਕਾਂ ਨੂੰ ਹਟਾਉਣਾ ਕਾਫ਼ੀ ਜ਼ਰੂਰੀ ਹੈ। ਤਖ਼ਤਾ ਪਲਟ ਦੀ ਕੋਸ਼ਿਸ਼ ਤੋਂ ਬਾਅਦ ਤੁਰਕੀ 'ਚ ਐਮਰਜੈਂਸੀ ਲਾਗੂ ਹੈ। ਹਾਲ ਹੀ 'ਚ ਸਰਕਾਰ ਨੇ ਐਮਰਜੈਂਸੀ ਨੂੰ 3 ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ਼ੁਲੇਲ ਦੇ ਨੈੱਟਵਰਕ ਨੂੰ ਢਹਿ-ਢੇਰੀ ਕਰਨ 'ਚ ਅਜੇ ਹੋਰ ਸਮਾਂ ਲੱਗੇਗਾ।