Viral Video: ਤਹਿਰਾਨ ਵਿੱਚ ਇੱਕ ਜੰਗੀ ਯਾਦਗਾਰ 'ਤੇ 2 ਕੁੜੀਆਂ ਨੂੰ ਨੱਚਦੇ ਹੋਏ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਸੀ ਤੇ ਇਸ ਵਿੱਚ ਦੋਵੇਂ ਕੁੜੀਆਂ ਸੈਕਰਡ ਡਿਫੈਂਸ ਵਾਰ ਮੈਮੋਰੀਅਲ 'ਤੇ ਨੱਚਦੀਆਂ ਦਿਖਾਈ ਦੇ ਰਹੀਆਂ ਸਨ। ਇਹ ਯਾਦਗਾਰ 1980-1982 ਦੇ ਈਰਾਨ-ਇਰਾਕ ਯੁੱਧ ਵਿੱਚ ਮਾਰੇ ਗਏ ਸੈਨਿਕਾਂ ਨੂੰ ਸਮਰਪਿਤ ਹੈ।
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਵੀਡੀਓ ਵਿੱਚ ਦੋਵੇਂ ਕੁੜੀਆਂ ਜੀਨਸ ਪਹਿਨੀਆਂ ਹੋਈਆਂ ਸਨ। ਇੱਕ ਨੇ ਬੁਣਿਆ ਹੋਇਆ ਸਵੈਟਰ ਪਾਇਆ ਹੋਇਆ ਸੀ ਤੇ ਦੂਜੇ ਨੇ ਕਾਰਡਿਗਨ ਉੱਤੇ ਨੀਲਾ ਟੌਪ ਪਾਇਆ ਹੋਇਆ ਸੀ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਹਿਰਾਵਾ ਅਸ਼ਲੀਲ ਸੀ। ਇਸ ਤੋਂ ਬਾਅਦ ਕੁੜੀਆਂ ਦੇ ਇੰਸਟਾਗ੍ਰਾਮ ਅਕਾਊਂਟ ਵੀ ਬੰਦ ਕਰ ਦਿੱਤੇ ਗਏ। ਇਸ ਗ੍ਰਿਫ਼ਤਾਰੀ ਤੋਂ ਬਾਅਦ ਬਹੁਤ ਸਾਰੀਆਂ ਈਰਾਨੀ ਔਰਤਾਂ ਨੇ ਆਪਣੇ ਡਾਂਸ ਵੀਡੀਓ ਪੋਸਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ।
ਈਰਾਨ ਦੇ ਦੰਡ ਸੰਹਿਤਾ ਦੀ ਧਾਰਾ 637 ਦੇ ਤਹਿਤ, ਜਨਤਕ ਸਥਾਨ 'ਤੇ ਨੱਚਣਾ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਜਨਤਕ ਸ਼ਿਸ਼ਟਾਚਾਰ ਦੇ ਵਿਰੁੱਧ ਅਪਰਾਧ ਮੰਨਿਆ ਜਾਂਦਾ ਹੈ। ਇਸ ਦੀ ਸਜ਼ਾ 99 ਕੋੜਿਆਂ ਤੱਕ ਹੋ ਸਕਦੀ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਈਰਾਨ ਵਿੱਚ ਕਿਸੇ ਨੂੰ ਨੱਚਣ ਲਈ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਿਆ ਹੋਵੇ।
2014 ਵਿੱਚ, ਛੇ ਨੌਜਵਾਨਾਂ ਨੂੰ ਫੈਰਲ ਵਿਲੀਅਮਜ਼ ਦੇ ਗਾਣੇ 'ਹੈਪੀ' 'ਤੇ ਨੱਚਦੇ ਹੋਏ ਆਪਣੇ ਆਪ ਦਾ ਵੀਡੀਓ ਪੋਸਟ ਕਰਨ ਲਈ ਇੱਕ ਸਾਲ ਦੀ ਮੁਅੱਤਲ ਕੈਦ ਤੇ 91 ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ। 2018 ਵਿੱਚ 18 ਸਾਲਾ ਮਾਈਦੇ ਹੋਜਾਬਾਰੀ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਨੱਚਣ ਦੀ ਵੀਡੀਓ ਪੋਸਟ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਨਵੰਬਰ 2024 ਵਿੱਚ, ਇੱਕ 16 ਸਾਲਾ ਕੁੜੀ ਆਰਜ਼ੂ ਖਾਵਾਰੀ ਨੇ ਖੁਦਕੁਸ਼ੀ ਕਰ ਲਈ। ਉਸਨੂੰ ਉਸਦੇ ਸਕੂਲ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜੇ ਉਸਨੇ ਹਿਜਾਬ ਤੋਂ ਬਿਨਾਂ ਨੱਚਣਾ ਜਾਰੀ ਰੱਖਿਆ ਤਾਂ ਉਸਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :