ਕਾਬੁਲ: ਤਾਲਿਬਾਨ ਦੇ ਸੱਤਾ ਸੰਭਾਲਣ ਦੇ ਬਾਅਦ ਤੋਂ ਹੀ ਅਫਗਾਨਿਸਤਾਨ ਵਿੱਚ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਤਾਲਿਬਾਨੀ ਸ਼ਾਸਨ ਵੱਲੋਂ ਇੱਕ ਹੋਰ ਹਿੰਸਾ ਦੀ ਤਸਵੀਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਕੱਟੜਪੰਥੀ ਇਸਲਾਮਿਕ ਸਮੂਹ ਤਾਲਿਬਾਨ ਨੇ ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰਨ ਗਏ ਪੱਤਰਕਾਰਾਂ ਦੀ ਕੁੱਟਮਾਰ ਕੀਤੀ।


ਤਾਲਿਬਾਨ ਨੇ ਉਨ੍ਹਾਂ 'ਤੇ ਕਾਫੀ ਜ਼ੁਲਮ ਕੀਤੇ, ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਫਿਰ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਤਾਲਿਬਾਨ ਵੱਲੋਂ ਪੱਤਰਕਾਰਾਂ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਉਨ੍ਹਾਂ ਦੇ ਖੂਨ ਨਿਕਲ ਗਿਆ। ਤੁਸੀਂ ਪੱਤਰਕਾਰ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਤੁਰਨ ਦੇ ਕਾਬਲ ਵੀ ਨਹੀਂ ਸੀ।




ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਫਗਾਨ ਔਰਤਾਂ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਸੀ। ਤਾਲਿਬਾਨ ਉਨ੍ਹਾਂ ਪੱਤਰਕਾਰਾਂ 'ਤੇ ਤਸ਼ਦੱਦ ਢਾਹਿਆ ਜੋ ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸੀ। ਪੱਤਰਕਾਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰਸਯੋਗ ਹਾਲਤ 'ਚ ਕਈ ਤਸਵੀਰਾਂ ਸਾਹਮਣੇ ਆਈਆਂ।


ਲਾਸ ਏਂਜਲਸ ਟਾਈਮਜ਼ ਦੇ ਪੱਤਰਕਾਰ ਸ਼ਰੀਫ ਹਸਨ ਨੇ ਵੀ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਪੱਤਰਕਾਰਾਂ ਨਾਲ ਕੁੱਟਮਾਰ ਦੀਆਂ ਤਸਵੀਰਾਂ ਪੋਸਟ ਕੀਤੀਆਂ। ਫੋਟੋ ਪੋਸਟ ਕਰਦੇ ਹੋਏ, ਉਨਾਂ ਨੇ ਕੈਪਸ਼ਨ 'ਚ ਲਿਖਿਆ, ਇਹ ਸ਼ਕਤੀਸ਼ਾਲੀ ਫੋਟੋ ਦੋ ਪੱਤਰਕਾਰਾਂ ਦੀ ਹੈ ਜੋ ਕੱਲ੍ਹ ਕਾਬੁਲ ਵਿੱਚ ਤਾਲਿਬਾਨ ਵੱਲੋਂ ਹਿਰਾਸਤ ਵਿੱਚ ਲਏ ਗਏ, ਤਸੀਹੇ ਦਿੱਤੇ ਗਏ ਤੇ ਕੁੱਟਿਆ ਗਿਆ।


ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਔਰਤਾਂ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਕਈ ਥਾਵਾਂ 'ਤੇ ਤਾਲਿਬਾਨ ਨੇ ਔਰਤਾਂ ਪ੍ਰਤੀ ਵੀ ਆਪਣੀ ਬੇਰਹਿਮੀ ਦਿਖਾਈ ਹੈ।


ਇਹ ਵੀ ਪੜ੍ਹੋ: NEET PG Exam 2021: ਸੁਪਰੀਮ ਕੋਰਟ ਨੇ ਮੁਲਤਵੀ ਨਹੀਂ ਕੀਤੀ ਨੀਟ PG, 11 ਸਤੰਬਰ ਨੂੰ ਹੀ ਹੋਵੇਗੀ ਪ੍ਰੀਖਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904