ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ 'ਚ ਐਤਵਾਰ ਨੂੰ ਕੁਝ ਅਣਪਛਾਤੇ ਹਥਿਆਰਬੰਦਾਂ ਵੱਲੋਂ ਦੋ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਪੇਸ਼ਾਵਰ ਦੇ ਸਰਬੰਦ ਇਲਾਕੇ ਦੀ ਹੈ। ਗੋਲੀ ਲੱਗਣ ਕਾਰਨ ਦੋਨਾਂ ਭਰਾਵਾਂ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੀ ਪਛਾਣ ਕੁਲਜੀਤ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ।ਦੋਨੋਂ ਭਰਾ ਕਰਿਆਨੇ ਦੀ ਦੁਕਾਨ ਚਲਾਉਂਦੇ ਸੀ।


ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਟਨਾ ਦਾ ਨੋਟਿਸ ਲਿਆ ਤੇ ਪੁਲਿਸ ਦੇ ਇੰਸਪੈਕਟਰ ਜਨਰਲ ਨੂੰ ਹੱਤਿਆ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਹਿਮੂਦ ਖਾਨ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਤੇ ਦੁਖਦਾਈ ਹੈ। ਇਸ ਘਿਨਾਉਣੇ ਕਤਲ ਵਿੱਚ ਸ਼ਾਮਲ ਤੱਤ ਕਾਨੂੰਨ ਦੀ ਸ਼ਹਿ ਤੋਂ ਬਚ ਨਹੀਂ ਸਕਦੇ। ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਅਹਿਦ ਵੀ ਲਿਆ।


 




ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਿੱਖ ਨੂੰ ਗੋਲੀ ਮਾਰੀ ਗਈ ਹੈ। ਸਤੰਬਰ 2021 ਵਿੱਚ, ਹਕੀਮ ਸਰਦਾਰ ਸਤਨਾਮ ਸਿੰਘ ਨਾਮਕ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਨੂੰ ਇੱਕ ਬੰਦੂਕਧਾਰੀ ਵੱਲੋਂ ਮਾਰ ਦਿੱਤਾ ਗਿਆ ਸੀ ਜਦੋਂ ਉਹ ਫਕੀਰਾਬਾਦ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਚਾਰਸਦਾ ਰੋਡ 'ਤੇ ਆਪਣੇ ਦਾਵਾਖਾਨੇ (ਕਲੀਨਕ) ਵਿੱਚ ਬੈਠਾ ਸੀ।


 


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਕਿਹਾ ਕਿ, "ਅਸੀਂ ਪੇਸ਼ਾਵਰ, ਖੈਬਰ ਪਖਤੂਨਖਵਾ, ਪਾਕਿਸਤਾਨ ਵਿੱਚ ਦੋ ਸਿੱਖਾਂ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦੇ ਕਾਇਰਾਨਾ ਕਤਲ ਦੀ ਸਖ਼ਤ ਨਿਖੇਧੀ ਕਰਦੇ ਹਾਂ। ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਪਾਕਿਸਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਉਣਾ ਚਾਹੀਦਾ ਹੈ। ਘੱਟ ਗਿਣਤੀਆਂ ਦੇ ਅਜਿਹੇ ਕਤਲੇਆਮ ਪੂਰੀ ਦੁਨੀਆ ਖਾਸ ਕਰਕੇ ਸਿੱਖਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਪਿਛਲੇ ਸਮੇਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਪਰ ਕੋਈ ਇਨਸਾਫ਼ ਨਹੀਂ ਮਿਲਿਆ।"