ਸਯੁੰਕਤ ਰਾਸ਼ਟਰ: ਸਯੁੰਕਤ ਰਾਸ਼ਟਰ (ਯੂਐੱਨ) ਕਰਮੀਆਂ ਖ਼ਿਲਾਫ਼ ਜੁਲਾਈ ਤੋਂ ਸਤੰਬਰ ਵਿਚਾਲੇ ਯੌਨ ਸੋਸ਼ਣ ਦੇ 31 ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਪਿਛਲੇ ਲਗਪਗ ਤਿੰਨ ਸਾਲਾਂ ਦੇ ਹਨ। ਇਨ੍ਹਾਂ 'ਚੋਂ ਲਗਪਗ ਅੱਧੇ ਮਾਮਲੇ ਯੂਐੱਨ ਸ਼ਰਨਾਰਥੀ ਏਜੰਸੀ ਦੇ ਕਰਮੀਆਂ ਖ਼ਿਲਾਫ਼ ਹਨ।


ਯੂਐੱਨ ਦੇ ਬੁਲਾਰੇ ਸਟੀਫਨ ਦੁਜਾਰਰਿਕ ਨੇ ਦੱਸਿਆ ਕਿ ਇਨ੍ਹਾ ਸਾਰੇ ਮਾਮਲਿਆਂ ਦੀ ਜਾਚ ਨਹੀਂ ਕੀਤੀ ਗਈ। ਕੁਝ ਮਾਮਲਿਆਂ ਦੀ ਜਾਂਚ ਸ਼ੁਰੂਆਤੀ ਦੌਰ 'ਚ ਹੈ। ਤਿੰਨ ਮਹੀਨੇ ਦੇ ਸਮੇਂ ਦੌਰਾਨ 14 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਅਤੇ ਇਕ ਮਾਮਲਾ ਸਹੀ ਪਾਇਆ ਗਿਆ। ਯੌਨ ਸੋਸ਼ਣ ਦੇ 31 ਮਾਮਲਿਆਂ ਵਿਚੋਂ 12 'ਚ ਸ਼ਾਂਤੀ ਸੈਨਾ ਮੁਹਿੰਮ ਨਾਲ ਜੁੜੇ ਫ਼ੌਜੀ ਸ਼ਾਮਲ ਹਨ। ਇਹ ਫ਼ੌਜੀ ਸੈਂਟਰਲ ਅਫਰੀਕਨ ਰਿਪਬਲਿਕ ਅਤੇ ਮਾਲੀ ਸਮੇਤ ਕਈ ਦੇਸ਼ਾਂ 'ਚ ਤਾਇਨਾਤ ਹਨ। ਗ਼ੈਰ-ਫ਼ੌਜੀਆਂ 'ਚ ਯੂਐੱਨ ਸ਼ਰਨਾਰਥੀ ਹਾਈ ਕਮਿਸ਼ਨ (ਯੂਐੱਨਐੱਚਸੀਆਰ) ਦੇ ਕਰਮਚੀਆਂ ਖ਼ਿਲਾਫ਼ 15 ਮਾਮਲੇ ਹਨ। ਤਿਨ ਮਾਮਲੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐੱਮ) ਅਤੇ ਇਕ ਮਾਮਲਾ ਚਿਲਡ੍ਰੈਂਸ ਫੰਡ (ਯੂਨਿਸਫ) ਦੇ ਕਰਮਚਾਰੀਆਂ ਖ਼ਿਲਾਫ਼ ਹੈ।

ਦਹਾਕਿਆਂ ਤੋਂ ਹੈਤੀ ਤੋਂ ਲੈ ਕੇ ਦਰਾਫੁਰ ਤਕ ਯੂਐੱਨ ਦੇ ਫ਼ੌਜੀ ਅਤੇ ਗ਼ੈਰ-ਸੈਨਿਕ ਕਰਮੀਆਂ ਖ਼ਿਲਾਫ਼ ਯੌਨ ਸੋਸ਼ਣ ਦੇ ਮਾਮਲੇ ਮੀਡੀਆ ਅਤੇ ਯੂਐੱਨ ਰਿਪੋਰਟ 'ਚ ਸਾਹਮਣੇ ਆਏ ਹਨ। ਹਾਲ ਦੇ ਸਮੇਂ 'ਚ ਸੈਂਟਰਲ ਅਫਰੀਕਨ ਰਿਪਬਲਿਕ 'ਚ ਸ਼ਾਂਤੀ ਸੈਨਾ ਮੁਹਿੰਮ ਨੂੰ ਲੈ ਕੇ ਅਜਿਹੇ ਦੋਸ਼ ਸੁਰਖੀਆਂ 'ਚ ਰਹੇ ਹਨ।
ਦੁਜਾਰਰਿਕ ਨੇ ਕਿਹਾ ਕਿ ਦੋਸ਼ਾਂ ਨੂੰ ਲੈ ਕੇ ਜਨਵਰੀ 'ਚ ਨਵੇਂ ਤਰ੍ਹਾਂ ਦਾ ਵੇਰਵਾ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। ਇਹ ਯੌਨ ਸੋਸ਼ਣ ਦੇ ਦੋਸ਼ਾਂ ਦੇ ਸਬੰਧ 'ਚ ਪਾਰਦਰਸ਼ਤਾ ਵਧਾਉਣ ਦੇ ਯੂਐੱਨ ਦੀ ਪਹਿਰ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਦੇ ਕੁਝ ਦੋਸ਼ਾਂ ਨੂੰ ਦੇਖ ਰਹੇ ਹਾਂ।