ਦੁਬਈ : ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) 'ਚ ਇਕ ਮੁਸਲਿਮ ਅੌਰਤ ਨੇ ਬਹਾਦਰੀ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸੜਕ ਹਾਦਸੇ ਕਾਰਨ ਅੱਗ 'ਚ ਸੜਦੇ ਇਕ ਭਾਰਤੀ ਡਰਾਈਵਰ ਦੀ ਜਾਨ ਬਚਾਈ। ਘਟਨਾ ਯੂਏਈ ਦੇ ਰਾਸ ਅਲ ਖੇਮਾਹ ਸ਼ਹਿਰ ਦੀ ਹੈ। ਸੜਕ ਹਾਦਸੇ ਤੋਂ ਬਾਅਦ ਦੇ ਟਰੱਕਾਂ 'ਚ ਅੱਗ ਲੱਗ ਗਈ ਸੀ। ਇਸੇ ਦੌਰਾਨ ਜਦੋਂ 22 ਸਾਲ ਦੀ ਜਵਾਹਰ ਸੈਫ ਅਲ ਕੁਮੈਤੀ ਹਸਪਤਾਲ ਤੋਂ ਆਪਣੇ ਇਕ ਦੋਸਤ ਨੂੰ ਦੇਖ ਕੇ ਘਰ ਪਰਤ ਰਹੀ ਸੀ ਤਾਂ ਉਨ੍ਹਾਂ ਨੇ ਮਦਦ ਲਈ ਆਵਾਜ਼ ਸੁਣੀ। ਉਹ ਬਿਨਾਂ ਦੇਰ ਕੀਤੇ ਬਚਾਅ 'ਚ ਲੱਗ ਗਈ ਅਤੇ ਬਹਾਦਰੀ ਦਿਖਾਉਂਦੇ ਹੋਏ ਭਾਰਤੀ ਡਰਾਈਵਰ ਹਰਕੀਰਤ ਸਿੰਘ ਦੀ ਜਾਨ ਬਚਾਈ।
ਕੁਮੈਤੀ ਨੇ ਕਿਹਾ ਕਿ ਉਹ ਥੱਲੇ ਡਿੱਗੇ ਪਏ ਸਨ ਅੱਗ ਵਿਚ ਸਨ। ਮੈਂ ਕਾਰ 'ਚ ਰੱਖੇ ਆਪਣੇ ਦੋਸਤ ਦੇ ਕਪੜੇ ਨਾਲ ਉਨ੍ਹਾਂ ਨੂੰ ਢਕਿਆ ਕਿਉਂਕਿ ਉਨ੍ਹਾਂ ਦੇ ਸਰੀਰ 'ਤੋ ਕੋਈ ਕੱਪੜਾ ਨਹੀਂ ਬਚਿਆ ਸੀ। ਉਨ੍ਹਾਂ ਮੈਨੂੁੰ ਦੇਖ ਕੇ ਕਿਹਾ ਕਿ ਮੈਨੂੰ ਮਰਨ ਤੋਂ ਡਰ ਲੱਗਦਾ ਹੈ। ਮੈਂ ਉਨ੍ਹਾਂ ਨੂੰ ਸ਼ਾਂਤ ਕਰਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਕੁਝ ਦੇਰ 'ਚ ਪੁਲਿਸ ਅਤੇ ਐਂਬੂਲੈਂਸ ਵੀ ਮੌਕੇ 'ਤੇ ਪਹੁੰਚ ਗਈ। ਦੋਵਾਂ ਡਰਾਈਵਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਐਂਬੂਲੈਂਸ ਸੇਵਾ ਦੇ ਮੁਖੀ ਮੇਜਰ ਤਾਹਿਰ ਮੁਹੰਮਦ ਅਲ ਸ਼ਰਹਨ ਨੇ ਕਿਹਾ ਕਿ ਦੋਵੇਂ ਡਰਾਈਵਰ 40 ਤੋਂ 50 ਫ਼ੀਸਦੀ ਸੜ ਗਏ ਹਨ। ਯੂਏਈ 'ਚ ਭਾਰਤੀ ਡਿਪਲੋਮੈਟ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਬਹਾਦਰੀ ਲਈ ਅੌਰਤ ਦਾ ਸਨਮਾਨ ਕੀਤਾ ਜਾਵੇਗਾ।