ਓਟਾਵਾ: ਰੂਸੀ ਫੌਜ ਯੂਕਰੇਨ ਵਿੱਚ ਤਬਾਹੀ ਮਚਾ ਰਹੀ ਹੈ। ਇਸ ਜੰਗ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਰੂਸ 'ਤੇ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਵੀ ਯੂਕਰੇਨ ਵਿੱਚ ਰੂਸੀ ਫੌਜ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ ਹੈ।


ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕੈਨੇਡੀਅਨ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਨੂੰ "ਨਸਲਕੁਸ਼ੀ" ਕਹਿਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਸੰਸਦ ਦੇ ਮੈਂਬਰਾਂ ਨੇ ਕਿਹਾ ਕਿ ਮਾਸਕੋ ਵੱਲੋਂ ਕੀਤੇ ਗਏ "ਮਨੁੱਖਤਾ ਵਿਰੁੱਧ ਵੱਡੇ ਪੱਧਰ 'ਤੇ ਜੰਗੀ ਅਪਰਾਧਾਂ ਦੇ ਪੁਖਤਾ ਸਬੂਤ ਹਨ।"


ਕੈਨੇਡੀਅਨ ਹਾਊਸ ਆਫ਼ ਕਾਮਨਜ਼ ਦੇ ਮਤੇ ਵਿੱਚ ਕਿਹਾ ਗਿਆ ਹੈ ਕਿ ਰੂਸ ਵਲੋਂ ਜੰਗੀ ਅਪਰਾਧਾਂ 'ਚ ਵੱਡੇ ਪੱਧਰ 'ਤੇ ਯੂਕਰੇਨੀ ਨਾਗਰਿਕਾਂ ਦੀ ਜਾਣਬੁੱਝ ਕੇ ਹੱਤਿਆਵਾਂ ਦੀ ਯੋਜਨਾਬੱਧ ਉਦਾਹਰਣਾਂ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਲਾਸ਼ਾਂ ਨਾਲ ਬਦਸਲੂਕੀ, ਯੂਕਰੇਨੀ ਬੱਚਿਆਂ ਦਾ ਜ਼ਬਰਦਸਤੀ ਤਬਾਦਲਾ, ਤਸ਼ੱਦਦ, ਸਰੀਰਕ ਨੁਕਸਾਨ, ਮਾਨਸਿਕ ਨੁਕਸਾਨ ਤੇ ਬਲਾਤਕਾਰ ਵਰਗੇ ਅਪਰਾਧ ਸ਼ਾਮਲ ਹਨ।


ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਪਣੇ ਸੰਬੋਧਨ ਦੌਰਾਨ ਰੂਸ 'ਤੇ ਨਿਸ਼ਾਨਾ ਸਾਧਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦਾ ਰਵੱਈਆ ਅੱਤਵਾਦੀਆਂ ਤੋਂ ਵੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਅਜੇ ਤੱਕ ਯੂਕਰੇਨ ਦਾ ਪੂਰਾ ਸੱਚ ਨਹੀਂ ਪਤਾ। ਜ਼ੇਲੇਂਸਕੀ ਨੇ ਕਿਹਾ ਕਿ Bucha ਸ਼ਹਿਰ ਨੂੰ ਰੂਸੀ ਫੌਜਾਂ ਦੇ ਕਬਜ਼ੇ ਤੋਂ ਮੁਕਤ ਕਰਨ ਤੋਂ ਬਾਅਦ ਉੱਥੇ ਸਮੂਹਿਕ ਕਬਰਾਂ ਮਿਲੀਆਂ ਹਨ। ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।


ਇਸ ਦੌਰਾਨ, ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਲਈ ਬੁੱਧਵਾਰ ਨੂੰ ਯੂਕਰੇਨ ਪਹੁੰਚੇ। ਇਸ ਤੋਂ ਪਹਿਲਾਂ ਮਾਸਕੋ ਵਿੱਚ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮਰੀਉਪੋਲ ਵਿੱਚ ਅਜੋਵਸੱਤਲ ਪਲਾਂਟ ਤੋਂ ਨਾਗਰਿਕਾਂ ਨੂੰ ਕੱਢਣ ਵਿੱਚ ਸੰਯੁਕਤ ਰਾਸ਼ਟਰ ਨੂੰ ਸ਼ਾਮਲ ਕਰਨ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ।


ਇਹ ਵੀ ਪੜ੍ਹੋ: Punjab Government: ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1 ਹਜ਼ਾਰ ਰੁਪਏ ਹਰ ਮਹੀਨੇ, ਔਰਤਾਂ ਨੂੰ ਦਿੱਤੀ ਗਾਰੰਟੀ ਪੂਰੀ ਕਰੇਗੀ ਮਾਨ ਸਰਕਾਰ