Ukraine Maa Kali : ਪਾਕਿਸਤਾਨ ਨੂੰ ਹਥਿਆਰ ਦੇਣ ਵਾਲੇ ਯੂਕਰੇਨ ਨੇ ਹੁਣ ਅਜਿਹਾ ਕਾਰਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਤਸਵੀਰ ਟਵੀਟ ਕੀਤੀ ਗਈ ਹੈ, ਜਿਸ ਨੇ ਭਾਰਤੀਆਂ ਖਾਸ ਕਰਕੇ ਹਿੰਦੂਆਂ ਨੂੰ ਨਾਰਾਜ਼ ਕੀਤਾ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮਾਂ ਕਾਲੀ ਦੀ ਇੱਕ ਅਪਮਾਨਜਨਕ ਫੋਟੋ ਸਾਂਝੀ ਕੀਤੀ ਗਈ ਹੈ। ਭਾਰਤ ਦੇ ਟਵਿੱਟਰ ਉਪਭੋਗਤਾ ਇਸ ਨੂੰ ਅਪਮਾਨਜਨਕ ਅਤੇ 'ਹਿੰਦੂਫੋਬਿਕ' ਕਰਾਰ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।


30 ਅਪ੍ਰੈਲ ਨੂੰ ਟਵੀਟ ਕੀਤੀ ਫੋਟੋ



 

 

ਅਧਿਕਾਰਤ ਟਵਿੱਟਰ ਹੈਂਡਲ @DefenceU ਦੁਆਰਾ 30 ਅਪ੍ਰੈਲ ਨੂੰ ਟਵੀਟ ਕੀਤੀ ਗਈ ਫੋਟੋ ਨੂੰ 'ਵਰਕ ਆਫ਼ ਆਰਟ' ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਮਾਂ ਕਾਲੀ ਨੂੰ ਹਾਲੀਵੁੱਡ ਅਦਾਕਾਰਾ ਮਰਲਿਨ ਮੁਨਰੋ ਵਾਂਗ ਦਿਖਾਇਆ ਗਿਆ ਹੈ। ਧਮਾਕੇ ਤੋਂ ਨਿਕਲਦੇ ਧੂੰਏਂ 'ਚ ਮਾਰਲਿਨ ਮੋਨਰੋ ਵਰਗੇ ਚਿਹਰੇ ਵਾਲੀ ਮਾਂ ਕਾਲੀ ਦਾ ਚਿਹਰਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੇ ਹਿੰਦੂਆਂ ਨੂੰ ਕਾਫੀ ਨਿਰਾਜ਼ ਕਰ ਦਿੱਤਾ ਹੈ। ਉਹ ਕਹਿ ਰਹੇ ਹਨ ਕਿ ਇਹੀ ਕਾਰਨ ਹੈ ਕਿ ਯੂਕਰੇਨ ਨੂੰ ਭਾਰਤ ਤੋਂ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ ਹੈ।

 

ਯੂਜ਼ਰਸ ਬੋਲੇ ਬੇਹੱਦ ਘਿਣਾਉਣੀ ਹਰਕਤ


ਇਕ ਯੂਜ਼ਰ ਨੇ ਲਿਖਿਆ, 'ਮੈਂ ਯੁਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਹਿੰਦੂਆਂ 'ਚ ਬਹੁਤ ਸਤਿਕਾਰਯੋਗ ਮਾਂ ਕਾਲੀ ਦਾ ਇਸ ਤਰ੍ਹਾਂ ਮਜ਼ਾਕ ਉਡਾਉਣ ਤੋਂ ਬਹੁਤ ਦੁਖੀ ਹਾਂ। ਇਹ ਅਸੰਵੇਦਨਸ਼ੀਲਤਾ ਅਤੇ ਅਗਿਆਨਤਾ ਦਾ ਘੋਰ ਪ੍ਰਦਰਸ਼ਨ ਹੈ। ਮੈਂ ਉਸ ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਅਤੇ ਮੁਆਫੀ ਮੰਗਣ ਦੀ ਮੰਗ ਕਰਦਾ ਹਾਂ। ਸਾਰੇ ਧਰਮਾਂ ਅਤੇ ਮਾਨਤਾਵਾਂ ਦਾ ਸਤਿਕਾਰ ਸਰਵਉੱਚ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਇਸ ਤਰ੍ਹਾਂ ਦੇ ਕਾਰਟੂਨ ਬਣਾਉਣ ਅਤੇ ਸਾਡੇ ਵਿਸ਼ਵਾਸ ਦਾ ਅਪਮਾਨ ਕਰਨ ਲਈ ਤੁਹਾਨੂੰ ਸ਼ਰਮ ਆਉਂਦੀ ਹੈ! ਬਹੁਤ ਹੀ ਘਿਣਾਉਣੀ ਕੋਸ਼ਿਸ਼।

 

 ਮਸਕ ਅਤੇ ਜੈਸ਼ੰਕਰ ਤੋਂ ਮੰਗ

 

ਭਾਰਤ ਵਿੱਚ ਕਈ ਨਾਰਾਜ਼ ਟਵਿੱਟਰ ਉਪਭੋਗਤਾਵਾਂ ਨੇ ਸੀਈਓ ਐਲੋਨ ਮਸਕ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਟੈਗ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਦੋਹਾਂ ਤੋਂ ਯੂਕਰੇਨ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤਸਵੀਰ ਅਤੇ ਟਵੀਟ ਨੂੰ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਥੋੜ੍ਹੀ ਦੇਰ ਬਾਅਦ ਹਟਾ ਦਿੱਤਾ ਸੀ ਪਰ ਉਦੋਂ ਤੱਕ ਇਸ ਦਾ ਸਕਰੀਨ ਸ਼ਾਟ ਵਾਇਰਲ ਹੋ ਚੁੱਕਾ ਸੀ।