American Air Strike on Syria : ਅਮਰੀਕਾ ਨੇ ਸੀਰੀਆ ਵਿੱਚ ਦਰਜਨਾਂ ਹਵਾਈ ਹਮਲੇ ਕੀਤੇ ਹਨ। ਅਮਰੀਕਾ ਨੇ ਉਸੇ ਦਿਨ ਸੀਰੀਆ ਵਿੱਚ ਭਿਆਨਕ ਹਵਾਈ ਹਮਲਾ ਕੀਤਾ ਜਿਸ ਦਿਨ ਇਸਲਾਮੀ ਬਾਗੀਆਂ ਨੇ ਬਸ਼ਰ ਅਲ-ਅਸਦ ਦੀ ਹਕੂਮਤ ਦਾ ਤਖਤਾ ਪਲਟ ਕੇ ਰਾਜਧਾਨੀ ਦਮਿਸ਼ਕ ਉੱਤੇ ਕਬਜ਼ਾ ਕਰ ਲਿਆ ਸੀ। ਐਤਵਾਰ (8 ਦਸੰਬਰ) ਨੂੰ ਬਸ਼ਰ ਅਲ-ਅਸਦ ਆਪਣੇ ਪਰਿਵਾਰ ਸਮੇਤ ਦੇਸ਼ ਛੱਡ ਕੇ ਰੂਸ ਦੀ ਰਾਜਧਾਨੀ ਮਾਸਕੋ ਭੱਜ ਗਿਆ। ਬਾਗੀਆਂ ਵਲੋਂ ਦਮਿਸ਼ਕ 'ਤੇ ਕਬਜ਼ਾ ਕਰਨ ਤੋਂ ਬਾਅਦ ਸੀਰੀਆ 'ਚ ਅਸਦ ਪਰਿਵਾਰ ਦਾ ਪੰਜ ਦਹਾਕਿਆਂ ਦਾ ਸ਼ਾਸਨ ਖਤਮ ਹੋ ਗਿਆ। ਇਸ ਘਟਨਾ ਤੋਂ ਬਾਅਦ ਅਮਰੀਕੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਮੱਧ ਸੀਰੀਆ ਵਿੱਚ 75 ਹਵਾਈ ਹਮਲੇ ਕੀਤੇ ਹਨ।


ਅਮਰੀਕੀ ਫੌਜ ਨੇ ਆਪਣੇ ਭਿਆਨਕ ਹਵਾਈ ਹਮਲੇ ਵਿੱਚ ਅੱਤਵਾਦੀ ਸਮੂਹ (ISIS) ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਸੀਰੀਆ ਵਿੱਚ ਪਹਿਲਾਂ (ISIS) ਦਾ ਗੜ੍ਹ ਹੋਇਆ ਕਰਦਾ ਸੀ। ਤੁਹਾਨੂੰ ਦੱਸ ਦਈਏ ਕਿ ਸੀਰੀਆ ਦੇ ਮੁੱਖ ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (HTS) ਦਾ ਮੁਖੀ ਅਬੂ ਮੁਹੰਮਦ ਅਲ-ਜੋਲਾਨੀ ਵੀ ISIS ਨਾਲ ਜੁੜਿਆ ਹੋਇਆ ਸੀ। ਹਾਲਾਂਕਿ, HTS ਨੇ ਬਾਅਦ ਵਿੱਚ ਆਪਣੇ ਆਪ ਨੂੰ ISIS ਤੋਂ ਵੱਖ ਕਰ ਲਿਆ ਅਤੇ ਇਸਦੇ ਵਿਰੁੱਧ ਇੱਕ ਮੁਹਿੰਮ ਵੀ ਚਲਾਈ ਸੀ।


ਯੂਐਸ ਸੈਂਟਰਲ ਕਮਾਂਡ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ 8 ਦਸੰਬਰ (ਐਤਵਾਰ) ਨੂੰ, ਉਸ ਨੇ ਮੱਧ ਸੀਰੀਆ ਵਿੱਚ ISIS ਦੇ ਟਿਕਾਣਿਆਂ ਅਤੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਇਆਂ ਦਰਜਨਾਂ ਸਟੀਕ ਹਵਾਈ ਹਮਲੇ ਕੀਤੇ। ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਇਹ ਹਮਲਾ ਅੱਤਵਾਦੀ ਸਮੂਹ ਨੂੰ ਬਾਹਰੀ ਕਾਰਵਾਈਆਂ ਕਰਨ ਤੋਂ ਰੋਕਣ ਦੇ ਮਿਸ਼ਨ ਦੇ ਹਿੱਸੇ ਵਜੋਂ ਕੀਤਾ।


ਜ਼ਿਕਰਯੋਗ ਹੈ ਕਿ ਆਈਐਸਆਈਐਸ ਦੇ ਟਿਕਾਣਿਆਂ 'ਤੇ ਸਟੀਕ ਏਅਰ ਸਟ੍ਰਾਈਕ ਵਿਚ ਅਮਰੀਕੀ ਹਵਾਈ ਸੈਨਾ ਦੇ ਬੀ-52, ਐਫ-15 ਅਤੇ A-10 ਸਮੇਤ ਕਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ। ਐਤਵਾਰ ਨੂੰ ਸੀਰੀਆ ਦੀ ਸਥਿਤੀ 'ਤੇ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਚੇਤਾਵਨੀ ਦਿੱਤੀ ਕਿ ਅਸਦ ਸ਼ਾਸਨ ਦਾ ਪਤਨ ਮੱਧ ਪੂਰਬ ਲਈ ਜੋਖਮ ਅਤੇ ਅਨਿਸ਼ਚਿਤਤਾ ਦਾ ਪਲ ਹੈ। ਬਾਈਡੇਨ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ, 'ਜੇਕਰ ਆਈਐਸਆਈਐਸ ਸੀਰੀਆ ਦੀ ਸਥਿਤੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ, ਤਾਂ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।