ਵਾਸ਼ਿੰਗਟਨ: ਮੁੰਬਈ ਵਿੱਚ 26/11 ਅੱਤਵਾਦੀ ਹਮਲਿਆਂ ਨਾਲ ਸਬੰਧਤ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਅਮਰੀਕਾ 35.5 ਕਰੋੜ ਰੁਪਏ (50 ਲੱਖ ਡਾਲਰ) ਤਕ ਦਾ ਇਨਾਮ ਦੇਵੇਗਾ। ਸਥਾਨਕ ਵਿਦੇਸ਼ ਸਕੱਤਰ ਮਾਈਕਲ ਆਰ ਪੌਮਪੀਓ ਨੇ ਐਤਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਜਿਸ ਮੁਤਾਬਕ ਜੋ ਵੀ ਵਿਅਕਤੀ ਹਮਲੇ ਦੀ ਸਾਜ਼ਿਸ਼ ਕਰਨ ਵਾਲਿਆਂ ਜਾਂ ਇਸ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਬਾਰੇ ਜਾਣਕਾਰੀ ਦਏਗਾ, ਉਨ੍ਹਾਂ ਨੂੰ ਇਹ ਇਨਾਮ ਦਿੱਤਾ ਜਾਏਗਾ।
ਭਾਰਤ ਵਿੱਚ ਹਮਲੇ ਦੀ 10ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੱਖਣ ਮੁੰਬਈ ਸਥਿਤ ਪੁਲਿਸ ਜਿਮਖਾਨਾ ਪਹੁੰਚੇ ਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਹਮਲੇ ਵਿੱਚ 6 ਅਮਰੀਕੀ ਨਾਗਰਿਕ ਵੀ ਮਾਰੇ ਗਏ ਸਨ। ਇਸ ਸਬੰਧੀ ਪੋਮਪੀਓ ਨੇ ਅਮਰੀਕੀ ਸਰਕਾਰ ਤੇ ਸਾਰੇ ਨਾਗਰਿਕਾਂ ਵੱਲੋਂ ਭਾਰਤ ਤੇ ਮੁੰਬਈ ਲਈ ਹਮਦਰਦੀ ਪ੍ਰਗਟਾਈ। ਉਨ੍ਹਾਂ 26/11 ਹਮਲੇ ਵਿੱਚ ਮਾਰੇ 6 ਅਮਰੀਕੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਹਮਲੇ ਨੇ ਸਾਰੇ ਸੰਸਾਰ ਨੂੰ ਦਹਿਲਾ ਦਿੱਤਾ ਸੀ।
ਇਸ ਮੌਕੋ ਪੋਮਪੀਓ ਨੇ ਇਹ ਵੀ ਕਿਹਾ ਕਿ ਇਹ ਪਾਕਿਸਤਾਨ ਨੂੰ ਹਮਲੇ ਲਈ ਜ਼ਿੰਮੇਵਾਰ ਲਸ਼ਕਰ-ਏ-ਤੋਇਬਾ ਤੇ ਹੋਰ ਅੱਤਵਾਦੀ ਸੰਗਠਨਾਂ 'ਤੇ ਪਾਬੰਦੀ ਲਾਉਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਦੁੱਖ਼ ਦੀ ਗੱਲ ਹੈ ਕਿ ਹਮਲੇ ਦੇ 10 ਸਾਲ ਬੀਤ ਜਾਣ ਬਾਅਦ ਵੀ ਉਨ੍ਹਾਂ ਨੂੰ ਹਾਲੇ ਤਕ ਇਨਸਾਫ ਨਹੀਂ ਮਿਲਿਆ। ਦੋਸ਼ੀਆਂ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਹੋਈ।
ਯਾਦ ਰਹੇ ਕਿ 26 ਨਵੰਬਰ 2008 ਨੂੰ, 10 ਅੱਤਵਾਦੀ ਕਰਾਚੀ ਤੋਂ ਸਮੁੰਦਰੀ ਰਸਤੇ ਰਾਹੀਂ ਮੁੰਬਈ ਪਹੁੰਚੇ। ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਟਰਮੀਨਲ, ਤਾਜ ਹੋਟਲ, ਟ੍ਰਾਈਡੈਂਟ ਹੋਟਲ ਤੇ ਯਹੂਦੀ ਸੈਂਟਰ 'ਤੇ ਹਮਲਾ ਕੀਤਾ ਜਿਸ ਵਿੱਚ ਕੁੱਲ 166 ਲੋਕ ਮਾਰੇ ਗਏ। ਇਨ੍ਹਾਂ 'ਚੋਂ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਕਰੀਬ 60 ਘੰਟੇ ਤਕ ਮੁਕਾਬਲਾ ਹੋਇਆ। ਇੱਕ ਅੱਤਵਾਦੀ ਕਸਾਬ ਨੂੰ ਜ਼ਿੰਦਾ ਫੜਿਆ ਗਿਆ ਸੀ।