ਵਾਸ਼ਿੰਗਟਨ ਡੀਸੀ: ਕੋਰੋਨਾ ਵਾਇਰਸ ਮਹਾਮਾਰੀ ਕਰਕੇ ਲਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਹੁਣ ਅਮਰੀਕਾ ਵਿਦੇਸ਼ੀ ਨਾਗਰਿਕਾਂ ਲਈ ਦੁਬਾਰਾ ਆਪਣੇ ਦਰ ਖੋਲ੍ਹਣ ਜਾ ਰਿਹਾ ਹੈ। ਅਮਰੀਕਾ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਹੈ, ਜੋ 8 ਨਵੰਬਰ ਤੋਂ ਲਾਗੂ ਹੋਵੇਗੀ। ਇਸ ਤਹਿਤ, ਜਿਨ੍ਹਾਂ ਲੋਕਾਂ ਨੇ ਅਮਰੀਕਾ ਵਿੱਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਦਾਖਲਾ ਮਿਲੇਗਾ।


ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਰਾਤ ਨੂੰ ਇਹ ਐਲਾਨ ਕੀਤਾ। ਭਾਰਤ, ਬ੍ਰਿਟੇਨ, ਆਇਰਲੈਂਡ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਦੇ ਨਾਲ ਯੂਰਪ ਦੇ 26 ਸ਼ੈਂਗੇਨ ਦੇਸ਼ਾਂ ਤੋਂ ਹਵਾਈ ਰਸਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਦਾਖਲੇ ਦੀ ਇਜਾਜ਼ਤ ਹੋਵੇਗੀ। ਫੂਡ ਐਂਡ ਡ੍ਰੱਗ ਐਡਮਨਿਸਟ੍ਰੇਸ਼ਨ ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰਸ਼ੁਦਾ ਸਾਰੇ ਟੀਕੇ ਹਵਾਈ ਰਸਤੇ ਰਾਹੀਂ ਦਾਖਲੇ ਲਈ ਪ੍ਰਵਾਨ ਹੋਣਗੇ।


ਇਹ ਹਨ 26 ਸ਼ੈਂਗੇਨ ਦੇਸ਼


ਅਗਲੇ ਮਹੀਨੇ ਤੋਂ ਨਵੇਂ ਨਿਯਮ 26 ਯੂਰਪੀਅਨ ਦੇਸ਼ਾਂ ਦੇ ਸਮੂਹ 'ਤੇ ਲਾਗੂ ਹੋਣਗੇ; ਜੋ ਸ਼ੈਂਗੇਨ ਦੇਸ਼ਾਂ ਵਜੋਂ ਜਾਣੇ ਜਾਂਦੇ ਹਨ। 26 ਸ਼ੈਂਗੇਨ ਦੇਸਾਂ ਵਿੱਚ ਆਸਟਰੀਆ, ਬੈਲਜੀਅਮ, ਚੈਕੀਆ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਇਟਲੀ, ਲਾਤਵੀਆ, ਲਿਕਟੇਨਸਟਾਈਨ, ਲਿਥੁਆਨੀਆ, ਲਕਸਮਬਰਗ, ਮਾਲਟਾ, ਨੀਦਰਲੈਂਡ, ਨੌਰਵੇ, ਪੋਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ ਤੇ ਸਵਿਟਜ਼ਰਲੈਂਡ ਸ਼ਾਮਲ ਹਨ।


ਇਸ ਤੋਂ ਇਲਾਵਾ ਇੰਗਲੈਂਡ, ਬ੍ਰਾਜ਼ੀਲ, ਭਾਰਤ, ਈਰਾਨ, ਦੱਖਣੀ ਅਫਰੀਕਾ ਤੇ ਆਇਰਲੈਂਡ ਦੇ ਵਿਦੇਸ਼ੀ ਹਵਾਈ ਯਾਤਰੀਆਂ ਨੂੰ ਵੀ ਅਮਰੀਕਾ ਜਾਣ ਦੀ ਪ੍ਰਵਾਨਗੀ ਹੋਵੇਗੀ; ਹੁਣ ਤੱਕ ਕੋਰੋਨਾ ਕਾਰਨ ਪਾਬੰਦੀਆਂ ਲੱਗੀਆਂ ਰਹੀਆਂ ਹਨ। ਅਮਰੀਕਾ ਨੇ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਆਸ ਨਾਲ ਅੰਤਰਰਾਸ਼ਟਰੀ ਯਾਤਰਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।


ਅਮਰੀਕਾ ਜਾਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼



  • ਹਵਾਈ ਯਾਤਰੀਆਂ ਕੋਲ ਯੂਐਸ ਲਈ ਉਡਾਣ ਭਰਨ ਤੋਂ ਪਹਿਲਾਂ ਪੂਰੇ ਟੀਕਾਕਰਣ ਦਾ ਸਬੂਤ ਹੋਣਾ ਲਾਜ਼ਮੀ ਹੈ।

  • ਹਵਾਈ ਯਾਤਰੀਆਂ ਦੀ ਯਾਤਰਾ ਦੀ ਤੈਅ ਮਿਤੀ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ।

  • ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਜਾਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵੱਲੋਂ ਮਨਜ਼ੂਰਸ਼ੁਦਾ ਟੀਕਾ ਲਗਵਾਉਣ ਵਾਲੇ ਯਾਤਰੀਆਂ ਨੂੰ ਹੀ ਹਵਾਈ ਰਸਤੇ ਰਾਹੀਂ ਦਾਖਲੇ ਲਈ ਪ੍ਰਵਾਨ ਕੀਤਾ ਜਾਵੇਗਾ।

  • ਯਾਤਰੀਆਂ ਨੂੰ ‘ਕੌਂਟੈਕਟ ਟ੍ਰੇਸਿੰਗ’ ਅਧੀਨ ਰੱਖਿਆ ਜਾਵੇਗਾ, ਭਾਵ ਅਮਰੀਕਾ ਵੱਲ ਜਾਣ ਵਾਲੀਆਂ ਏਅਰਲਾਈਨਜ਼ ਕਿਸੇ ਵਿਅਕਤੀ ਦਾ ਫੋਨ ਨੰਬਰ ਤੇ ਈਮੇਲ ਪਤਾ ਵਰਗੀਆਂ ਜਾਣਕਾਰੀ ਇਕੱਤਰ ਕਰਨਗੀਆਂ।

  • ਅਮਰੀਕਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਤੇ ਦੇਸ਼ ਛੱਡਣ ਵੇਲੇ ਯਾਤਰੀਆਂ ਦੀ ਕੋਵਿਡ ਦੀ ਜਾਂਚ ਕੀਤੀ ਜਾਏਗੀ।


ਮਾਰਚ 2020 ’ਚ ਲਾਈ ਸੀ ਅਮਰੀਕਾ ਨੇ ਪਾਬੰਦੀ


ਅਮਰੀਕਾ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮਾਰਚ 2020 ਵਿੱਚ ਜ਼ਮੀਨ ਅਤੇ ਹਵਾਈ ਰਸਤਿਆਂ ਰਾਹੀਂ ਗੈਰ-ਜ਼ਰੂਰੀ ਯਾਤਰਾ ਉੱਤੇ ਪਾਬੰਦੀ ਲਾਈ ਗਈ ਸੀ। ਇਹ ਪਾਬੰਦੀ ਜਨਵਰੀ 2020 ਵਿੱਚ ਚੀਨੀ ਯਾਤਰੀਆਂ ਨੂੰ ਬਾਹਰ ਰੱਖਣ ਨਾਲ ਸ਼ੁਰੂ ਹੋਈ ਸੀ।


ਇਹ ਵੀ ਪੜ੍ਹੋ: ਭਾਰਤ ਨੇ ਅਫਗਾਨਿਸਤਾਨ ਦੇ ਮੁੱਦੇ 'ਤੇ ਪਾਕਿਸਤਾਨ ਐਨਐਸਏ ਨੂੰ ਦਿੱਤਾ ਸੱਦਾ, ਨਵੰਬਰ 'ਚ ਦਿੱਲੀ 'ਚ ਮੀਟਿੰਗ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904